ਐੱਨਡੀਪੀਐੱਸ ਐਕਟ ਹੇਠ 3 ਕਥਿਤ ਦੋਸ਼ੀ ਗ੍ਰਿਫ਼ਤਾਰ
ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਐਨਡੀਪੀਐਸ ਐਕਟ ਹੇਠ ਤਿੰਨ ਕਥਿਤ ਦੋਸ਼ੀ ਗ੍ਰਿਫ਼ਤਾਰ
Publish Date: Thu, 15 Jan 2026 07:16 PM (IST)
Updated Date: Fri, 16 Jan 2026 04:10 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੁਲਿਸ ਅਨੁਸਾਰ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ ਚਲ ਰਹੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਐਨਡੀਪੀਐਸ ਐਕਟ ਅਧੀਨ 3 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ ਮੁਕੱਦਮੇ ਦਰਜ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਥਾਣਾ ਦਸੂਹਾ ਦੀ ਟੀਮ, ਏਐੱਸਆਈ ਅਨਿਲ ਕੁਮਾਰ ਦੀ ਅਗਵਾਈ ਹੇਠ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਧਰਮਪੁਰਾ ਬੱਸ ਸਟਾਪ ਨੇੜੇ ਇੱਕ ਕਥਿਤ ਸ਼ੱਕੀ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਤੇਜ਼ ਕਦਮੀਂ ਤੁਰਨ ਲੱਗ ਪਿਆ ਅਤੇ ਆਪਣੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਅਨੁਸਾਰ, ਨੌਜਵਾਨ ਨੂੰ ਕਾਬੂ ਕਰਕੇ ਉਸਦੀ ਪਛਾਣ ਮੁਕੇਸ਼ ਕੁਮਾਰ ਵਾਸੀ ਦਸੂਹਾ, ਵਜੋਂ ਹੋਈ। ਤਲਾਸ਼ੀ ਦੌਰਾਨ ਕਥਿਤ ਤੌਰ ’ਤੇ ਲਿਫਾਫੇ ਵਿੱਚੋਂ 60 ਸੰਤਰੀ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਇਸੇ ਤਰ੍ਹਾਂ, ਪੁਲਿਸ ਨੇ ਦੱਸਿਆ ਕਿ ਥਾਣਾ ਟਾਂਡਾ ਦੀ ਪੁਲਿਸ ਟੀਮ, ਏਐੱਸਆਈ ਸਰਬਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਮੇਨ ਜੀਟੀ ਰੋਡ ਟਾਂਡਾ ਤੋਂ ਪਿੰਡ ਹੰਬੜਾ ਵੱਲ ਜਾ ਰਹੀ ਸੀ। ਝਾਵਾਂ ਚੌਕ ਨੇੜੇ ਇੱਕ ਮੋਟਰਸਾਈਕਲ ਸਵਾਰ ਕਥਿਤ ਤੌਰ ’ਤੇ ਪੁਲਿਸ ਨੂੰ ਦੇਖ ਕੇ ਵਾਪਸ ਮੁੜਨ ਲੱਗਾ, ਜਿਸ ਦੌਰਾਨ ਮੋਟਰਸਾਈਕਲ ਬੰਦ ਹੋ ਗਈ ਅਤੇ ਉਸ ਨੇ ਆਪਣੇ ਪਜਾਮੇ ਦੀ ਜੇਬ ਵਿੱਚੋਂ ਇੱਕ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਮੁਤਾਬਕ ਉਸ ਨੂੰ ਕਾਬੂ ਕਰ ਕੇ ਉਸ ਨੂੰ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਪਿੰਡ ਭੂਲਪੁਰ ਵਜੋਂ ਪਛਾਣਿਆ ਗਿਆ। ਤਲਾਸ਼ੀ ਉਪਰੰਤ ਕਥਿਤ ਤੌਰ ’ਤੇ ਲਿਫਾਫੇ ਵਿੱਚੋਂ 58 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ। ਤੀਸਰੇ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਥਾਣਾ ਹਾਜੀਪੁਰ ਦੀ ਪੁਲਿਸ ਟੀਮ, ਏਐੱਸਆਈ ਰਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਦੌਰਾਨ ਬੁੱਢਾਬੜ ਚੌਕ ਤੋਂ ਪਾਵਰ ਕਲੋਨੀ ਸੰਧਵਾਲ ਵੱਲ ਜਾ ਰਹੀ ਸੀ। ਫ੍ਰੈਂਡਸ ਪੈਲੇਸ ਨੇੜੇ ਕੱਚੇ ਰਸਤੇ ’ਤੇ ਝਾੜੀਆਂ ਵਿੱਚ ਬੈਠੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ। ਪੁਲਿਸ ਅਨੁਸਾਰ, ਕਥਿਤ ਤੌਰ ’ਤੇ ਉਹ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਰਿਹਾ ਸੀ। ਉਸਦੀ ਪਛਾਣ ਸੰਜੀਵ ਕੁਮਾਰ ਵਾਸੀ ਸ਼ੇਖਾ ਮੱਤਾ, ਹੁਸ਼ਿਆਰਪੁਰ ਵਜੋਂ ਹੋਈ। ਉਸ ਦੇ ਕੋਲੋਂ ਇਕ ਸਿਲਵਰ ਪੰਨੀ ਜਿਸ ਉਪਰ ਨਸ਼ੀਲੇ ਪਦਾਰਥ ਦਾ ਅੰਸ਼ ਸੀ, 10 ਰੁਪਏ ਭਾਰਤੀਕਰੰਸੀ ਨੋਟ ਤੇ ਇਕ ਲਾਈਟਰ ਬਰਾਮਦ ਹੋਈਆ।