ਜਿੰਪਾ ਨੇ ਇੰਟਰਲਾਕ ਸੜਕ ਦਾ ਰੱਖਿਆ ਨੀਂਹ ਪੱਥਰ
ਵਿਧਾਇਕ ਜਿੰਪਾ ਨੇ ਸੈਂਟਰਲ ਟਾਊਨ ‘ਚ ਇੰਟਰਲਾਕ ਸੜਕ ਦਾ ਰੱਖਿਆ ਨੀਂਹ ਪੱਥਰ
Publish Date: Thu, 15 Jan 2026 05:22 PM (IST)
Updated Date: Fri, 16 Jan 2026 04:04 AM (IST)

30 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ ਸੜਕ ਤੈਅ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਸੜਕ ਨਿਰਮਾਣ ਦੇ ਦਿੱਤੇ ਨਿਰਦੇਸ਼ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸੈਂਟਰਲ ਟਾਊਨ ਇਲਾਕੇ ’ਚ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇੰਟਰਲਾਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸੜਕ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਸੈਂਟਰਲ ਟਾਊਨ ਦੇ ਵਿਚਕਾਰ ਬਣਾਈ ਜਾਵੇਗੀ, ਜਿਸ ਨਾਲ ਇਲਾਕਾ ਵਾਸੀਆਂ ਨੂੰ ਬਿਹਤਰ ਤੇ ਸੁਰੱਖਿਅਤ ਆਉਣ-ਜਾਣ ਦੀ ਸਹੂਲਤ ਮਿਲੇਗੀ। ਜਿੰਪਾ ਨੇ ਦੱਸਿਆ ਕਿ ਸੈਂਟਰਲ ਟਾਊਨ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਟਿਊਬਵੈੱਲ ਆਧਾਰਿਤ ਜਲ ਸਪਲਾਈ ਕੁਨੈਕਸ਼ਨ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਸੜਕ ਨਿਰਮਾਣ ਤੇ ਪਾਣੀ ਸਪਲਾਈ ਵਰਗੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨਾਲ ਇਲਾਕੇ ਦੇ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ’ਚ ਗੁਣਵੱਤਾ ਤੇ ਪਾਰਦਰਸ਼ਤਾ ਉਨ੍ਹਾਂ ਦੀ ਤਰਜੀਹ ਰਹੀ ਹੈ। ਜਿੰਪਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ 100 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕੀਤੇ ਗਏ ਹਨ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸੜਕਾਂ, ਨਾਲੀਆਂ, ਸਟਰੀਟ ਲਾਈਟਾਂ ਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 43 ਤੋਂ ਵੱਧ ਨਵੇਂ ਟਿਊਬਵੈੱਲ ਲਾਏ ਜਾ ਚੁੱਕੇ ਹਨ, ਜਿਸ ਨਾਲ ਸ਼ਹਿਰ ਦੀ ਜਲ ਸਪਲਾਈ ਪ੍ਰਣਾਲੀ ਮਜ਼ਬੂਤ ਹੋਈ ਹੈ। ਜਿੰਪਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੰਟਰਲਾਕ ਸੜਕ ਦੀ ਉਸਾਰੀ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਤੇ ਉੱਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਪੂਰੀ ਕੀਤੀ ਜਾਵੇ ਤਾਂ ਜੋ ਆਮ ਜਨਤਾ ਲੰਬੇ ਸਮੇਂ ਤੱਕ ਇਸ ਦਾ ਲਾਭ ਲੈ ਸਕੇ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਦ੍ਰਿਪਣ ਸੈਣੀ, ਪ੍ਰਦੀਪ ਬਿੱਟੂ, ਖਰੈਤੀ ਲਾਲ ਕਤਣਾ, ਮੋਨਿਕਾ ਕਤਣਾ, ਗਿਆਨ ਬਾਂਸਲ ਤੇ ਕਈ ਹੋਰ ਪਤਵੰਤੇ ਅਤੇ ਸਥਾਨਕ ਨਿਵਾਸੀ ਮੌਜੂਦ ਸਨ। ਉਨ੍ਹਾਂ ਇਸ ਵਿਕਾਸ ਦਾ ਸਵਾਗਤ ਕਰਦੇ ਹੋਏ ਇਸ ਨੂੰ ਸੈਂਟਰਲ ਟਾਊਨ ਲਈ ਇਕ ਮਹੱਤਵਪੂਰਨ ਪ੍ਰਾਪਤੀ ਦੱਸਿਆ।