ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਘਰ ਨੂੰ ਅੱਗ ਲੱਗਣ ਤੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Thu, 15 Jan 2026 05:08 PM (IST)
Updated Date: Fri, 16 Jan 2026 04:04 AM (IST)

ਘਰ ਅੰਦਰ ਬੈਠਾ ਬਜ਼ੁਰਗ, 2 ਕਾਰਾਂ ਨੂੰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਵੀਰਵਾਰ ਦੁਪਹਿਰ ਦੇ ਵਕਤ ਟਾਂਡਾ ਸ਼ਹਿਰ ਦੇ ਕਸਬਾ ਮਾਡਲ ਟਾਊਨ ਵਿਖੇ ਇੱਕ ਘਰ ਨੂੰ ਅੱਗ ਲੱਗਣ ਕਰ ਕੇ ਘਰ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਮੁਹੱਲਾ ਵਾਸੀਆਂ ਵਲੋਂ ਕੀਤੀ ਮਦਦ ਦੇ ਚੱਲਦਿਆਂ ਘਰ ਅੰਦਰ ਬੈਠਾ ਬਜ਼ੁਰਗ ਵਿਅਕਤੀ ਤੇ ਦੋ ਕਾਰਾਂ ਨੂੰ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾ ਲਿਆ। ਇਸ ਮੌਕੇ ਫਾਇਰ ਬ੍ਰਿਗੇਡ ਤੇ ਮੁਹੱਲਾ ਵਾਸੀਆਂ ਵੱਲੋਂ ਕਰੀਬ ਢਾਈ ਘੰਟੇ ਦੀ ਲੰਮੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਘਰ ਦੇ ਮਾਲਕ ਬਜ਼ੁਰਗ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਰੀਬ 8 ਸਾਲ ਪਹਿਲਾਂ ਮਾਡਲ ਟਾਊਨ ’ਚ ਆਪਣਾ ਮਕਾਨ ਖ਼ਰੀਦਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਲੜਕਾ ਅਮਰੀਕਾ ’ਚ ਰਹਿੰਦਾ ਹੈ ਤੇ ਇੱਕ ਲੜਕੀ ਤੇ ਪਤਨੀ ਨਾਲ ਉਹ ਇਸ ਘਰ ਵਿਚ ਰਹਿ ਰਹੇ ਹਨ। ਹਰਭਜਨ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਉਹ ਘਰ ’ਚ ਹੀ ਸੀ ਤੇ ਉਸ ਦੀ ਪਤਨੀ ਉਸ ਦੀ ਲੜਕੀ ਨਾਲ ਘਰ ਬਾਹਰ ਤਾਲਾ ਲਾ ਕੇ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਏ ਸਨ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਨੇ ਘਰ ਅੰਦਰ ਬਾਬਾ ਜੀ ਦੇ ਫੋਟੋ ਅੱਗੇ ਜੋਤ ਜਗਾਈ ਸੀ ਤੇ ਜੋਤ ਤੋਂ ਘਰ ਅੰਦਰ ਅੱਗ ਲੱਗ ਗਈ, ਜੋ ਵੇਖਦੇ-ਵੇਖਦੇ ਵਿਕਰਾਲ ਰੂਪ ਧਾਰਨ ਕਰ ਗਈ। ਹਰਭਜਨ ਸਿੰਘ ਵੱਲੋਂ ਰੌਲਾ ਪਾਉਣ ਤੇ ਮੁਹੱਲਾ ਵਾਸੀਆਂ ਇਕੱਠੇ ਹੋ ਕੇ ਪਹਿਲਾਂ ਹਰਭਜਨ ਸਿੰਘ ਤੇ ਫਿਰ ਘਰ ਅੰਦਰ ਖੜ੍ਹੀਆਂ ਕਾਰਾਂ ਟਰੈਕਟਰ ਨਾਲ ਟੋਚਨ ਪਾ ਕੇ ਬਾਹਰ ਕੱਢੀਆਂ। ਮੁਹੱਲਾ ਵਾਸੀਆਂ ਵੱਲੋਂ ਸੂਚਨਾ ਦੇਣ ’ਤੇ ਫਾਇਰ ਬ੍ਰਿਗੇਡ ਤੇ ਟਾਂਡਾ ਪੁਲਿਸ ਮੌਕੇ ’ਤੇ ਪਹੁੰਚ ਗਈ। ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਕਰੀਬ ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਇਸ ਅੱਗ ਦੀ ਲਪੇਟ ’ਚ ਆਉਣ ਕਰ ਕੇ ਘਰ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਤੇ ਘਰ ਦੀਆਂ ਕੰਧਾਂ ’ਚ ਦਰਾਰਾਂ ਪੈ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।