ਸਰਕਾਰ ਤੇ ਪੁਲਿਸ ਕਾਨੂੰਨ-ਵਿਵਸਥਾ ਕਾਇਮ ਰੱਖਣ ’ਚ ਨਾਕਾਮ : ਡਡਵਾਲ
ਸਰਕਾਰ ਅਤੇ ਪੁਲਿਸ ਕਾਨੂੰਨ-ਵਿਵਸਥਾ ਕਾਇਮ ਰੱਖਣ ‘ਚ ਨਾਕਾਮ - ਸੁਮਿਤ ਡਡਵਾਲ
Publish Date: Thu, 15 Jan 2026 04:31 PM (IST)
Updated Date: Fri, 16 Jan 2026 04:01 AM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਮੁਕੇਰੀਆਂ ’ਚ ਇੱਕ ਸੁਨਿਆਰੇ ਦੀ ਦੁਕਾਨ ’ਤੇ ਵਾਪਰੀ ਚੋਰੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਮੈਂਬਰ ਸੁਮਿਤ ਡਡਵਾਲ ਨੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ’ਤੇ ਕਾਨੂੰਨ-ਵਿਵਸਥਾ ਕਾਇਮ ਰੱਖਣ ’ਚ ਨਾਕਾਮ ਰਹਿਣ ਦੇ ਦੋਸ਼ ਲਾਏ ਹਨ। ਸੁਮਿਤ ਡਡਵਾਲ ਨੇ ਕਿਹਾ ਕਿ ਮੁਕੇਰੀਆਂ ਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਚੋਰੀਆਂ, ਲੁੱਟਾਂ ਤੇ ਹੋਰ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਸਪੱਸ਼ਟ ਕਰਦੀਆਂ ਹਨ ਕਿ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਤੇ ਉਨ੍ਹਾਂ ‘ਤੇ ਪੁਲਿਸ ਦਾ ਕੋਈ ਡਰ ਨਹੀਂ ਰਹਿ ਗਿਆ। ਸੁਨਿਆਰੇ ਦੀ ਦੁਕਾਨ ’ਚ ਹੋਈ ਇਹ ਵੱਡੀ ਚੋਰੀ ਸਿਰਫ਼ ਇੱਕ ਵਪਾਰੀ ਨੂੰ ਹੋਇਆ ਨੁਕਸਾਨ ਨਹੀਂ ਸਗੋਂ ਪੂਰੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ’ਤੇ ਵੱਡਾ ਸਵਾਲ ਚਿੰਨ੍ਹ ਹੈ। ਵਪਾਰੀ ਵਰਗ ਪਹਿਲਾਂ ਹੀ ਮਹਿੰਗਾਈ, ਮੰਦੇ ਆਰਥਿਕ ਹਾਲਾਤਾਂ ਤੇ ਵਪਾਰਕ ਦਬਾਅ ਹੇਠਾਂ ਹੈ। ਅਜਿਹੀਆਂ ਅਪਰਾਧਿਕ ਘਟਨਾਵਾਂ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਗਹਿਰਾ ਅਸਰ ਪੈਂਦਾ ਹੈ ਤੇ ਵਪਾਰੀਆਂ ਦਾ ਸਰਕਾਰ ਤੇ ਪ੍ਰਸ਼ਾਸਨ ਤੋਂ ਭਰੋਸਾ ਡਗਮਗਾਉਂਦਾ ਹੈ। ਸੁਮਿਤ ਡਡਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ ’ਤੇ ਤੁਰੰਤ ਤੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦਾ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਸਕਦਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਚੋਰੀ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਕੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਰਾਤੀਂ ਗਸ਼ਤ ਵਧਾਉਣ, ਸੀਸੀਟੀਵੀ ਕੈਮਰਿਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਉਣ ਤੇ ਵਪਾਰਕ ਇਲਾਕਿਆਂ ’ਚ ਸੁਰੱਖਿਆ ਦੇ ਪੱਕੇ ਤੇ ਠੋਸ ਪ੍ਰਬੰਧ ਕਰਨ ਦੀ ਅਪੀਲ ਕੀਤੀ।