ਬੀਤ ਖੇਤਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਐਸਡੀਐਮ ਵੱਲੋਂ ਭਰੋਸਾ
ਬੀਤ ਖੇਤਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਐਸਡੀਐਮ ਵੱਲੋਂ ਭਰੋਸਾ
Publish Date: Wed, 14 Jan 2026 02:49 PM (IST)
Updated Date: Wed, 14 Jan 2026 02:51 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਬੀਤ ਖੇਤਰ ਦੀਆਂ ਸਮੱਸਿਆਵਾਂ ਸਬੰਧੀ ਬੀਤ ਖੇਤਰ ਦੇ ਵਸਨੀਕਾਂ ਵੱਲੋਂ ਐਸਡੀਐਮ ਗੜ੍ਹਸ਼ੰਕਰ ਸੰਜੀਵ ਗੌੜ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਸਬੰਧੀ ਐਸਡੀਐਮ ਗੜ੍ਹਸ਼ੰਕਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਬੀਤ ਖੇਤਰ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ, ਚੌਧਰੀ ਸੁਭਾਸ਼ ਮਹਿੰਦਵਾਨੀ ਗੁੱਜਰਾਂ, ਪਵਨ ਸ਼ਰਮਾ, ਪੰਚਾਇਤ ਸੰਮਤੀ ਮੈਂਬਰ ਸਰਵਣ ਕਿਸਾਣਾ, ਪੰਚਾਇਤ ਸੰਮਤੀ ਮੈਂਬਰ ਮੋਹਨ ਲਾਲ ਬੀਨੇਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਗੜ੍ਹਸ਼ੰਕਰ ਤੋਂ ਕੋਕੋਵਾਲ ਮਜਾਰੀ ਅਤੇ ਡੱਲੇਵਾਲ (ਅੱਡਾ ਝੁੰਗੀਆਂ) ਤੋਂ ਹੈਬੋਵਾਲ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਤੱਕ ਤਿੰਨ ਸਾਲਾਂ ਬਾਅਦ ਸੜਕਾਂ ਦੇ ਦੋਵੇਂ ਪਾਸੇ ਬਰਮ ਨਾ ਬਣਾਉਣ ਦੇ ਮੁੱਦੇ ਤੇ ਲੋਕ ਨਿਰਮਾਣ ਵਿਭਾਗ ਦੇ ਪ੍ਰਤੀਨਿਧੀ ਨੇ ਕਿਹਾ ਕਿ ਇੱਕ-ਇੱਕ ਮੀਟਰ ਦੇ ਬਰਮ ਬਣਾਏ ਗਏ ਸਨ ਪਰ ਉਹ ਮੀਂਹ ਕਾਰਨ ਵਹਿ ਗਏ। ਜਿਸ ਸਬੰਧੀ ਐਸਡੀਐਮ ਨੇ ਖੁਦ ਬਰਮਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਬਣਾਉਣ ਦਾ ਭਰੋਸਾ ਦਿੱਤਾ। ਝੁੰਗੀਆਂ-ਹੈਬੋਵਾਲ ਸੜਕ ਅਤੇ ਪਿੰਡ ਬੀਨੇਵਾਲ ਤੇ ਟਿੱਪਰ ਟਰੱਕਾਂ ਦੀ ਆਵਾਜਾਈ ਨੂੰ ਰੋਕਣ ,ਪਰਾਲੀ ਨਾਲ ਭਰੇ ਟਿੱਪਰ, ਟਰੱਕਾਂ, ਟਰੈਕਟਰ ਟਰਾਲੀਆਂ ਦੀ ਆਵਾਜਾਈ ਸੀਮਤ ਕਰਨ, ਮਹਿੰਦਵਾਣੀ ਆਉਣ ਜਾਣ ਲਈ ਸਵੇਰੇ ਅਤੇ ਸ਼ਾਮ ਨੂੰ ਬੱਸ ਰੂਟ ਦਾ ਪ੍ਰਬੰਧ ਕਰਨ, ਸੀਐਚਸੀ ਬੀਨੇਵਾਲ ਵਿਖੇ 24 ਘੰਟੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਪ੍ਰਬੰਧ ਕਰਨ, ਮਹਿੰਦਵਾਣੀ ਤੋਂ ਕੋਟ ਤੇ ਬੀਤ ਦੀਆਂ ਹੋਰ ਖਰਾਬ ਸੜਕਾਂ ਦਾ ਨਿੱਜੀ ਤੌਰ ਤੇ ਨਿਰੀਖਣ ਕਰਨ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਵਿਭਾਗ ਨੂੰ ਢੁਕਵੀਆਂ ਹਦਾਇਤਾਂ ਜਾਰੀ ਕਰਨ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਕਮਲਜੀਤ ਬਿੱਟੂ, ਸਾਬਕਾ ਪੰਚ ਸੁਰੇਸ਼ ਕੁਮਾਰ, ਚੌਧਰੀ ਰਾਮ ਕੁਮਾਰ, ਵਿਜੇ ਕਾਲਿਸ ਆਦਿ ਮੌਜੂਦ ਸਨ।