ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ’ਤੇ ਹੱਦੋਂ ਵੱਧ ਟਰੈਫਿਕ
ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ‘ਤੇ ਹੱਦੋਂ ਵੱਧ ਟਰੈਫਿਕ
Publish Date: Sun, 11 Jan 2026 05:55 PM (IST)
Updated Date: Mon, 12 Jan 2026 04:10 AM (IST)

ਭਾਰੀ ਭਰਕੰਮ ਢੋਆ-ਢੁਆਈ ਦੇ ਵਾਹਨਾਂ ਨੇ ਇਸ ਰਾਹ ’ਤੇ ਲੋਕਾਂ ਦੇ ਨੱਕ ’ਚ ਕੀਤਾ ਦਮ ਟਰੈਕਟਰਾਂ ’ਤੇ ਉੱਚੀ ਡੈਕ ਤੇ ਮੋਬਾਈਲ ਫੋਨ ਚਲਾ ਕੇ ਢੋਆ-ਢੁਆਈ ਕਰਨ ਵਾਲਿਆਂ ਦੇ ਹੋਣ ਚਲਾਨ ਕਮਲ, ਪੰਜਾਬੀ ਜਾਗਰਣ, ਹਰਿਆਣਾ : ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪਿਛਲੇ ਕੁਝ ਸਮੇਂ ਤੋਂ ਹੱਦੋਂ ਵੱਧ ਵੱਧੀ ਟਰੈਫਿਕ ਤੇ ਭਾਰੀ-ਭਰਕੰਮ ਢੋਆ ਢੁਆਈ ਦੇ ਵਾਹਨਾਂ ਦੀ ਆਵਾਜਾਈ ਨੇ ਇਸ ਰਾਹ ’ਤੇ ਰੋਜ਼ਾਨਾ ਸਫਰ ਕਰਨ ਵਾਲਿਆਂ ਤੇ ਇਸ ਲਿੰਕ ਰੋਡ ’ਤੇ ਰੋਜ਼ਾਨਾ ਨਿਰਭਰ ਰਹਿਣ ਵਾਲਿਆਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਇਸ ਮੁੱਖ ਮਾਰਗ ’ਤੇ ਪੈਦੇ 2 ਕਸਬਿਆਂ ਗੜ੍ਹਦੀਵਾਲਾ ਤੇ ਹਰਿਆਣਾ ’ਚ ਰੋਜ਼ ਸੈਕੜੇ ਦੋ, ਚਾਰ ਅੱਠ ਤੇ ਬਾਰਾਂ ਪਹੀਆ ਵਾਹਨਾਂ ਦੀ ਹੱਦੋਂ ਵੱਧ ਗਿਣਤੀ ਕਾਰਨ ਇਨ੍ਹਾਂ ਕਸਬਿਆਂ ’ਚ ਆਪਣੇ ਰੋਜ਼ਮਰ੍ਹਾਂ ਦੇ ਕੰਮ ਕਰਨ ਆਉਣ ਵਾਲੇ ਬਜ਼ੁਰਗਾਂ, ਅਪਾਹਜਾਂ ਤੇ ਬੱਚਿਆਂ ਨੂੰ ਸੜਕ ਪਾਰ ਕਰਨ ਵੇਲੇ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਦਸੂਹਾ ਲਿੰਕ ਰੋਡ ਚੰਡੀਗੜ ਤੋਂ ਜੰਮੂ ਪਠਾਨਕੋਟ ਨਾਲ ਲਿੰਕ ਹੋਣ ਕਰ ਕੇ ਇੱਥੋ ਰੋਜ਼ਾਨਾ ਚੰਡੀਗੜ੍ਹ ਤੋਂ ਪਠਾਨਕੋਟ ਲਈ ਹਜ਼ਾਰਾਂ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੰਚਣ ਲਈ ਇਹ ਮਾਰਗ ਤੋਂ ਲੰਘਣਾ ਪੈਦਾ ਹੈ। ਇਸ ਮਾਰਗ ’ਤੇ ਪੈਦੇ ਹਰਿਆਣਾ ਤੇ ਗੜ੍ਹਦੀਵਾਲਾ ਕਸਬਿਆਂ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕੀ ਆਵਾਜਾਈ ਨੂੰ ਸੰਚਾਰੂ ਤਰੀਕੇ ਨਾਲ ਚਲਾਉਣ ਲਈ ਕੋਈ ਪ੍ਰਬੰਧ ਨਾ ਹੋਣ ਕਰ ਕੇ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫੀ ਸਮਾਂ ਸੜਕੀ ਜਾਮ ’ਚ ਫਸ ਕੇ ਲਗਾਤਾਰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਮਾਰਗ ’ਤੇ ਵੱਖ-ਵੱਖ ਵਾਹਨਾਂ ਦੀ ਗਿਣਤੀ ਵਧਣ ਨਾਲ ਇਸ ਸੜਕ ਨੂੰ ਪਾਰ ਕਰਨਾ ਬਜ਼ੁਰਗਾਂ, ਬੱਚਿਆਂ ਤੇ ਅਪਾਹਜਾਂ ਲਈ ਵੱਡੀ ਮੁਸੀਬਤ ਹੈ। ਇਨ੍ਹਾਂ ਦੋਹਾਂ ਕਸਬਿਆਂ ’ਚ ਸਵੇਰੇ ਤੇ ਬਾਅਦ ਦੁਪਹਿਰ ਪ੍ਰਾਈਵੇਟ ਸਕੂਲਾਂ ਦੀਆ ਬੱਸਾਂ ਵੱਲੋਂ ਥਾਂ-ਥਾਂ ਸਕੂਲ ਬੱਚਿਆਂ ਨੂੰ ਬੱਸ ’ਚ ਚੜ੍ਹਾਉਣ ਤੇ ਉਤਾਰਨ ਵੇਲੇ ਵੱਖ-ਵੱਖ ਥਾਂ ਖੜ੍ਹੀਆਂ ਕਰਨ ਵੇਲੇ ਲੰਮੀਆਂ ਲਾਈਨਾਂ ਲੱਗ ਜਾਂਦੀਆ ਹਨ ਤੇ ਇਸ ਮੌਕੇ ਕਾਰਾਂ ਜਾਂ ਹੋਰ ਚਾਰਪਹੀਆ ਵਾਹਨਾਂ ਵੱਲੋਂ ਗਲ਼ਤ ਗੱਡੀ ਓਵਰਟੇਕ ਕਰਨ ਦੀ ਸੂਰਤ ’ਚ ਰੋਜ਼ ਵਾਹਨਾਂ ਦੇ ਜਾਮ ਲੱਗਣ ਨਾਲ ਲੋਕਾਂ ਦਾ ਕਾਫੀ ਸਮਾਂ ਖਰਾਬ ਹੁੰਦਾ ਰਹਿੰਦਾ ਹੈ ਤੇ ਲੋਕਾਂ ਦੇ ਆਪਸ ’ਚ ਲੜਾਈ-ਝਗੜੇ ਹੁੰਦੇ ਰਹਿੰਦੇ ਹਨ। ਕਸਬਾ ਹਰਿਆਣਾ ਤੋਂ ਅੱਗੇ ਹੁਸ਼ਿਆਰਪੁਰ ਵੱਲ ਵੱਖ-ਵੱਖ ਲੱਕੜ ਫੈਕਟਰੀਆਂ ’ਚ ਲੱਕੜ ਤੇ ਪਲਾਈਬੋਰਡ ਦੀ ਢੋਆ-ਢੁਆਈ ਲਈ 24 ਘੰਟੇ ਟਰੈਕਟਰ, ਟੈਂਪੂ ਤੇ ਟਰੱਕਾਂ ਦੀ ਭਾਰੀ ਆਵਾਜਾਈ ਕਾਰਨ ਇਸ ਰਸਤੇ ਤੋਂ ਰੋਜ਼ਾਨਾ ਹੁਸ਼ਿਆਰਪੁਰ ਦਫਤਰੀ ਕੰਮਾਂ, ਡਿਊਟੀ ’ਤੇ ਜਾਣ ਵਾਲੇ ਲੋਕਾਂ ਤੇ ਮਹਿਲਾ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਵੱਲ ਪਹੁੰਚਣ ਤੇ ਫਿਰ ਘਰ ਪਰਤਣ ਵੇਲੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਕੜਾਂ ਤੇ ਪਲਾਈ ਨਾਲ ਭਰੇ ਭਾਰੀ ਤੇ ਵੱਡੇ-ਵੱਡੇ ਵਾਹਨਾਂ ਵੱਲੋਂ ਲਿੰਕ ਰੋਡ ਦੇ ਵੱਖ-ਵੱਖ ਮੋੜਾਂ, ਭਾਰ ਤੋਲਣ ਵਾਲੇ ਕੰਡਿਆਂ ’ਤੇ 24 ਘੰਟੇ ਆਪਣੇ ਕੰਮਾਂ ਨੂੰ ਜਾਰੀ ਰੱਖਣ ਨਾਲ ਹਰਿਆਣਾ ਤੋਂ ਹੁਸ਼ਿਆਰਪੁਰ ਤੱਕ ਦਾ 15 ਕਿਲੋਮੀਟਰ ਦਾ ਰਸਤਾ ਬੇਹੱਦ ਵਿਅਸਤ ਤੇ ਵੱਖ ਵੱਖ ਕਮਰਸ਼ੀਅਲ ਕਿਸਮ ਦੇ ਵਾਹਨਾਂ ਨਾਲ ਭਰਿਆ ਰਹਿਣ ਲੱਗ ਪਿਆ ਹੈ ਤੇ ਇਹ ਕਰੀਬ 20 ਮਿੰਟ ਦਾ ਫਾਸਲਾ ਪੂਰਾ ਕਰਨ ਲਈ ਕਈ ਵਾਰੀ 40-45 ਮਿੰਟ ਤੋਂ ਵੱਧ ਸਮਾਂ ਲੈਣ ਲੱਗ ਪਿਆ ਹੈ। ਟਰੈਕਟਰ ਚਾਲਕਾਂ ਵੱਲੋਂ ਓਵਰਲੋਡ ਟਰਾਲੀਆਂ ਨਾਲ ਢੋਆ-ਢੁਆਈ ਦੌਰਾਨ ਪਿੱਛੇ ਆਉਂਦੇ ਵਾਹਨ ਨੂੰ ਪਾਸ ਕਰਾਉਣ ਲਈ ਭੋਰਾ ਧਿਆਨ ਨਹੀ ਰੱਖਿਆ ਜਾਂਦਾ ਤੇ ਨਾ ਹੀ ਟਰੈਕਟਰ-ਟਰਾਲੀ ’ਤੇ ਉੱਚੀ ਆਵਾਜ਼ ਨਾਲ ਲਾਏ ਡੈਕਾਂ ਤੇ ਕੰਨਾਂ ਨੂੰ ਮੋਬਾਈਲ ਫੋਨ ਲਾ ਕੇ ਕੀਤੀ ਜਾਂਦੀ ਡਰਾਈਵਿੰਗ ਦੌਰਾਨ ਰਸਤੇ ਤੋਂ ਲੰਘਣ ਵਾਲੇ ਹੋਰ ਰਾਹਗੀਰ ਦੀ ਜਾਨ ਜਾਂ ਵਾਹਨ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਲਿੰਕ ਰਸਤੇ ਦੀ ਆਵਾਜਾਈ ਵੱਲ ਧਿਆਨ ਨਾ ਦਿੱਤੇ ਜਾਣ ਕਰ ਕੇ ਇਸ ਰਾਹ ਤੋਂ ਲੰਘਣ ਵਾਲੇ ਨੂੰ ਮਜਬੂਰੀ ਵੱਸ ‘ਸਵਾਰੀ ਆਪਣੀ ਜਾਨ ਦੀ ਜ਼ਿੰਮੇਵਾਰ ਆਪ ਹੈ’ ਦੇ ਕਹਾਵਤ ’ਤੇ ਅਮਲ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਕਸਬਾ ਹਰਿਆਣਾ ਤੇ ਗੜ੍ਹਦੀਵਾਲਾ ’ਚ ਸੜਕੀ ਆਵਾਜਾਈ ਦਾ ਸਹੀ ਸੰਚਾਲਨ ਕਰਨ ਲਈ ਟਰੈਫਿਕ ਪੁਲਿਸ ਦੀ ਮਦਦ ਲਈ ਜਾਵੇ। ਕਸਬਿਆਂ ’ਚ ਸਕੂਲ ਬੱਚਿਆ ਨੂੰ ਚੜ੍ਹਾਉਣ ਤੇ ਉਤਾਰਨ ਲਈ ਭੀੜ ਵਾਲੇ ਇਲਾਕੇ ਤੋਂ ਹਟ ਕੇ ਥਾਵਾਂ ਨਿਰਧਾਰਤ ਕੀਤੀਆ ਜਾਣ। ਹਰਿਆਣਾ ਤੋਂ ਹੁਸ਼ਿਆਰਪੁਰ ਤੱਕ ਦੇ ਇਲਾਕੇ ’ਚ ਲੱਕੜ ਤੇ ਪਲਾਈ ਦੀ ਢੋਆ-ਢੁਆਈ ਕਰਨ ਵਾਲੇ ਕਮਸ਼ੀਅਲ ਵਾਹਨਾਂ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ। ਖਾਸ ਕਰ ਕੇ ਦਫਤਰੀ ਤੇ ਸਕੂਲੀ ਸਮੇਂ ਦੌਰਾਨ ਇਨ੍ਹਾਂ ਵਾਹਨਾਂ ਦੀ ਆਵਾਜਾਈ ਰੋਕੀ ਜਾਵੇ, ਟਰੈਕਟਰਾਂ ’ਤੇ ਉੱਚੀ ਡੈਕ ਤੇ ਮੋਬਾਈਲ ਫੋਨ ਚਲਾ ਕੇ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ’ਤੇ ਆਮ ਰਾਹਗੀਰਾਂ ਨੂੰ ਚੰਗੀ ਸੜਕੀ ਸਹੂਲਤ ਦੇਣ ਲਈ ਪ੍ਰਸ਼ਾਸਨ ਪੈਟਰੋਲਿੰਗ ਪਾਇਲਟ ਗੱਡੀਆਂ ਦੀ ਵਿਵਸਥਾ ਕਰੇ। ਬਾਕਸ-- ਕੀ ਕਹਿੰਦੇ ਨੇ ਨਵ-ਨਿਯੁਕਤ ਥਾਣਾ ਹਰਿਆਣਾ ਦੇ ਐੱਸਐੱਚਓ ਕਿਰਨ ਸਿੰਘ ਜਦੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਵੱਲੋਂ ਟਰੈਫਿਕ ਨੂੰ ਲੈ ਕੇ ਆ ਰਹੀ ਲੋਕਾਂ ਨੂੰ ਪਰੇਸ਼ਾਨੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨਾਂ ਨੇ ਅਜੇ ਥਾਣਾ ਹਰਿਆਣਾ ਦਾ ਇੱਕ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਤੇ ਪੁਲਿਸ ਵੱਲੋਂ ਮੁੱਖ ਸੜਕ ’ਤੇ ਰਾਂਗ ਪਾਰਕਿੰਗ ਕਰਨ ਵਾਲਿਆਂ ਦੇ ਈ-ਮਸ਼ੀਨਾਂ ਰਾਹੀਂ ਚਲਾਨ ਕੀਤੇ ਜਾਣਗੇ ਤੇ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਨ ਲਈ ਇੱਕ ਮੁਲਾਜ਼ਮ ਦੀ ਡਿਊਟੀ ਵੀ ਲਾਈ ਜਾਵੇਗੀ।