ਡਿਜੀਟਲ ਲਾਇਬ੍ਰੇਰੀ ਦੀ ਇਤਿਹਾਸਕ ਸਫ਼ਲਤਾ
ਡਿਜੀਟਲ ਲਾਇਬ੍ਰੇਰੀ ਦੀ ਇਤਿਹਾਸਕ ਸਫ਼ਲਤਾ
Publish Date: Sun, 11 Jan 2026 04:27 PM (IST)
Updated Date: Mon, 12 Jan 2026 04:03 AM (IST)

11 ਵਿਦਿਆਰਥੀਆਂ ਨੇ ਪੀਸੀਐਸ ਪ੍ਰੀਲਿਮਜ਼ ਪਾਸ ਕਰ ਕੇ ਹੁਸ਼ਿਆਰਪੁਰ ਦਾ ਨਾਂ ਕੀਤਾ ਰੌਸ਼ਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡਿਜੀਟਲ ਲਾਇਬ੍ਰੇਰੀ ਵਿੱਚ ਨਿਯਮਤ ਤੌਰ ’ਤੇ ਪੜ੍ਹਾਈ ਕਰਨ ਵਾਲੇ 11 ਵਿਦਿਆਰਥੀਆਂ ਨੇ ਪੀਸੀਐਸ ਪ੍ਰੀਲਿਮਜ਼ 2025 ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਹ ਉਪਲਬਧੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਚੱਲ ਰਹੀ ਡਿਜੀਟਲ ਲਾਇਬ੍ਰੇਰੀ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀ-ਕੇਂਦਰਿਤ ਅਧਿਐਨ ਵਾਤਾਵਰਨ ਦੀ ਵੱਡੀ ਕਾਮਯਾਬੀ ਵਜੋਂ ਵੇਖੀ ਜਾ ਰਹੀ ਹੈ। ਡਿਜੀਟਲ ਲਾਇਬ੍ਰੇਰੀ ਵਿੱਚ ਵਿਦਿਆਰਥੀਆਂ ਨੇ ਪੂਰੇ ਅਨੁਸ਼ਾਸਨ ਨਾਲ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਨਿਰੰਤਰ ਅਧਿਐਨ ਕਰਕੇ ਪ੍ਰੀਖਿਆ ਦੀ ਤਿਆਰੀ ਕੀਤੀ। ਪੀਸੀਐਸ ਪ੍ਰੀਲਿਮਜ਼ 2025 ਪਾਸ ਕਰਨ ਵਾਲੇ ਵਿਦਿਆਰਥੀਆਂ ਵਿੱਚ ਕਨਿਕਾ, ਸਲੋਨੀ, ਨਿਤਿਸ਼, ਪ੍ਰਿਆ, ਸਾਹਿਲ ਗੁਪਤਾ, ਗੁਰਪ੍ਰੀਤ ਸੰਧੂ, ਭਾਵਨਾ, ਅਰਸ਼ਦੀਪ ਕੌਰ, ਕਰਨਦੀਪ ਸਿੰਘ, ਸੁਚਿੱਤਾ ਅਤੇ ਅਨਿਰੁਧ ਗੁਪਤਾ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੀ ਲਗਨ, ਮਿਹਨਤ ਅਤੇ ਅਨੁਸ਼ਾਸਨ ਦਾ ਪਰਿਣਾਮ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਲਈ ਉੱਚ ਪੱਧਰੀ ਅਧਿਐਨ ਸਹੂਲਤਾਂ ਉਪਲਬੱਧ ਕਰਵਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਪੀਸੀਐਸ ਮੁੱਖ ਪ੍ਰੀਖਿਆ ਲਈ ਪੂਰੀ ਤਿਆਰੀ ਨਾਲ ਅੱਗੇ ਵਧਣ ਲਈ ਵੀ ਉਤਸ਼ਾਹਿਤ ਕੀਤਾ। ਡਿਜੀਟਲ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਵਿਜੇ ਕੁਮਾਰ ਨੇ ਕਿਹਾ ਕਿ ਇਹ ਸਫਲਤਾ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਦਿਆਰਥੀ ਇੱਥੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕਰਨਗੇ।