ਹੁਸ਼ਿਆਰਪੁਰ ’ਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ
ਹੁਸ਼ਿਆਰਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ
Publish Date: Sun, 11 Jan 2026 04:14 PM (IST)
Updated Date: Mon, 12 Jan 2026 04:03 AM (IST)

16 ਜਨਵਰੀ ਨੂੰ ਦਿੱਤਾ ਜਾਵੇਗਾ ਡੀਸੀ ਦਫ਼ਤਰਾਂ ਅੱਗੇ ਧਰਨਾ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਸੀਟੂ ਭਵਨ, ਹੁਸ਼ਿਆਰਪੁਰ ਵਿਖੇ ਹੋਈ। ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ 16 ਜਨਵਰੀ 2026 ਨੂੰ ਸਾਰੇ ਪੰਜਾਬ ਵਿੱਚ ਡੀਸੀ ਦਫ਼ਤਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਵਿਸਥਾਰ ਨਾਲ ਯੋਜਨਾ ਬਣਾਈ ਗਈ। ਹਾਜ਼ਰ ਆਗੂਆਂ ਨੇ ਨਰੇਗਾ ਸਕੀਮ, ਚਾਰ ਮਜ਼ਦੂਰ ਕੋਡ, ਬੀਜ ਬਿੱਲ ਅਤੇ ਬਿਜਲੀ ਸੋਧ ਬਿਲ ਦੇ ਵਿਰੋਧ ਵਿੱਚ ਆਪਣੀ ਸਖ਼ਤ ਨਾਰਾਜ਼ਗੀ ਜਤਾਈ ਅਤੇ ਸਾਂਝੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਫੈਸਲੇ ਮੁਤਾਬਕ 16 ਜਨਵਰੀ ਨੂੰ ਸਵੇਰੇ 11 ਵਜੇ ਸਦਰ ਥਾਣੇ ਸਾਹਮਣੇ ਧੰਨਾ ਸਿੰਘ ਪਾਰਕ ਵਿੱਚ ਕਿਸਾਨ, ਮਜ਼ਦੂਰ ਅਤੇ ਪੈਨਸ਼ਨਰ ਇਕੱਠੇ ਹੋਣਗੇ ਅਤੇ ਉੱਥੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਵੱਲ ਮਾਰਚ ਕੀਤਾ ਜਾਵੇਗਾ। ਮਿੰਨੀ ਸਕੱਤਰੇਤ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ, ਜੋ ਦੁਪਹਿਰ 3 ਵਜੇ ਤੱਕ ਜਾਰੀ ਰਹੇਗਾ। ਮੀਟਿੰਗ ’ਚ ਕਾਮਰੇਡ ਗੁਰਮੇਸ਼ ਸਿੰਘ (ਕੁੱਲ ਹਿੰਦ ਕਿਸਾਨ ਸਭਾ), ਡਾ. ਸੁਖਦੇਵ ਸਿੰਘ ਢਿੱਲੋਂ ਤੇ ਬਲਵਿੰਦਰ ਸਿੰਘ ਗਿੱਲ (ਜਮਹੂਰੀ ਕਿਸਾਨ ਸਭਾ), ਸਤਪਾਲ ਸਿੰਘ ਡਡਿਆਣਾ (ਬੀਕੇਯੂ ਕਾਦੀਆਂ), ਹਰਬੰਸ ਸਿੰਘ ਸੰਘਾ ਅਤੇ ਬਲਵਿੰਦਰ ਸਿੰਘ ਸੋਢੀ (ਕਿਸਾਨ ਕਮੇਟੀ ਦੋਆਬਾ ਪੰਜਾਬ), ਤੀਰਥ ਸਿੰਘ ਸਤਨੌਰ, ਸਰਬਜੀਤ ਸਿੰਘ ਅਤੇ ਗੁਰਜਪਾਲ ਸਿੰਘ (ਬੀਕੇਯੂ ਰਾਜੇਵਾਲ), ਓਮ ਸਿੰਘ, ਕਾਮਰੇਡ ਗੰਗਾ ਪ੍ਰਸ਼ਾਦ ਅਤੇ ਉਮੇਸ਼ ਕੁਮਾਰ (ਸੀਟੂ), ਧੰਨਪਤ ਰਾਏ (ਸੀਟੂ), ਇੰਦਰਜੀਤ ਵਿਰਦੀ (ਪਸਸਫ) ਅਤੇ ਮਨਜੀਤ ਸਿੰਘ ਸੈਣੀ ਹਾਜ਼ਰ ਰਹੇ।