ਗੰਦੇ ਪਾਣੀ ਦੀ ਨਿਕਾਸੀ ਲਈ ਮਿਲੀ ਗ੍ਰਾਂਟ, ਸਮੱਸਿਆ ਜਿਓਂ ਦੀ ਤਿਓ
ਪਿੰਡ ਕੂੰਟ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ ਗ੍ਰਾਂਟ ਮਿਲਣ ਦੇ ਬਾਵਜੂਦ ਵੀ ਲੋਕ ਗੰਦਗੀ ਭਰੇ ਮਹੌਲ 'ਚ ਰਹਿਣ ਲਈ ਮਜ਼ਬੂਰ
Publish Date: Sun, 11 Jan 2026 03:56 PM (IST)
Updated Date: Mon, 12 Jan 2026 04:01 AM (IST)

ਪਿੰਡ ਕੂੰਟ ਦੇ ਲੋਕ ਗੰਦਗੀ ਭਰੇ ਮਾਹੌਲ ’ਚ ਰਹਿਣ ਲਈ ਮਜਬੂਰ ਹੈਪੀ, ਪੰਜਾਬੀ ਜਾਗਰਣ, ਬੁੱਲ੍ਹੋਵਾਲ: ਹਲਕਾ ਸ਼ਾਮਚੁਰਾਸੀ ਅਧੀਨ ਬੁੱਲ੍ਹੋਵਾਲ ਭੋਗਪੁਰ ਰੋਡ ’ਤੇ ਸਥਿਤ ਪਿੰਡ ਕੂੰਟ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੇ ਆਸ-ਪਾਸ ਦੇ ਲੋਕ ਤਕਰੀਬਨ 2 ਸਾਲ ਤੋਂ ਗਲੀਆਂ ਤੇ ਨਾਲੀਆਂ ’ਚ ਖੜ੍ਹੇ ਪਾਣੀ ਕਾਰਨ ਸਮੱਸਿਆਵਾਂ ਨਾਲ ਘਿਰੇ ਹੋਏ ਹਨ। ਛੱਪੜ ਦੇ ਓਵਰਫਲੋਅ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਇਹ ਸਬੰਧੀ ਮੌਕਾ ਦਿਖਾਇਆ ਗਿਆ ਸੀ, ਜਿਸ ਦੇ ਹੱਲ ਲਈ ਕੈਬਨਿਟ ਮੰਤਰੀ ਵੱਲੋਂ ਤੁਰੰਤ ਗ੍ਰਾਂਟ ਜਾਰੀ ਕਰਵਾਉਣ ਦਾ ਭਰੋਸਾ ਦੇਣ ਦੇ ਬਾਅਦ ਗੰਦੇ ਪਾਣੀ ਦੀ ਨਿਕਾਸੀ ਸੀਵਰੇਜ ਤੇ ਛੱਪੜ ਦੀ ਪੁਟਾਈ ਸਬੰਧੀ ਪਿੰਡ ਗ੍ਰਾਮ ਪੰਚਾਇਤ ਕੂੰਟ ਨੂੰ ਗ੍ਰਾਂਟ ਜਾਰੀ ਹੋ ਚੁੱਕੀ ਹੈ ਪਰ ਅਜੇ ਤੱਕ ਪਿੰਡ ਪੰਚਾਇਤ ਤੇ ਪੰਚਾਇਤ ਸੈਕਟਰੀ ਵੱਲੋਂ ਕੋਈ ਕੰਮ ਸੀਵਰੇਜ ਪਾਉਣ ਸਬੰਧੀ ਆਰੰਭ ਨਹੀ ਕੀਤਾ ਗਿਆ। ਪਿੰਡ ਵਾਸੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਚ ਦੱਸਿਆ ਕਿ ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਏ ਗਏ ਸੀਵਰੇਜ ਦਾ ਪਾਣੀ ਤੇ ਛੱਪੜ ਦੇ ਓਵਰਫਲੋਅ ਦੀ ਨਿਕਾਸੀ ਨਾ ਹੋਣ ਕਾਰਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੀ ਬਿਲਡਿੰਗ ਤੇ ਇਸ ਦੇ ਆਸ-ਪਾਸ ਸੜਕਾਂ ਤੇ ਨਾਲੀਆਂ ’ਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਇੱਥੋਂ ਦੇ ਰੋਜ਼ਾਨਾ ਕੰਮਕਾਜ ਤੇ ਸਕੂਲ ਜਾਣ ਵਾਲੇ ਬੱਚੇ ਤੇ ਗੁਰਦੁਆਰਾ ਸਾਹਿਬ ਜਾਣ ਵਾਲੇ ਨਗਰ ਵਾਸੀਆਂ ਨੂੰ ਗੰਦੇ ਪਾਣੀ ’ਚੋਂ ਲੰਘ ਕੇ ਜਾਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਗ੍ਰਾਂਟ ਪ੍ਰਾਪਤ ਹੋਣ ਦੇ ਬਾਵਜੂਦ ਵੀ ਪਿੰਡ ਪੰਚਾਇਤ ਵੱਲੋਂ ਅਜੇ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ। ਬਾਕਸ-- ਕਿਉੁਂ ਬਣੀ ਹੈ ਇਹ ਸਮੱਸਿਆ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੜਕ ਗਲੀਆਂ ਤੇ ਨਾਲੀਆਂ ’ਚ ਖੜ੍ਹਾ ਪਾਣੀ, ਪਿੰਡ ਦੇ ਛੱਪੜ ਦਾ ਘੱਟ ਰਿਹਾ ਆਕਾਰ ਕਾਰਨ ਇਹ ਸਮੱਸਿਆ ਬਣ ਰਹੀ ਹੈ, ਜਦੋਂ ਇਸ ਛੱਪੜ ਦਾ ਪਾਣੀ ਓਵਰਫਲੋਅ ਹੋ ਜਾਂਦਾ ਹੈ ਤਾਂ ਉਸ ਲਈ ਕੋਈ ਵੀ ਢੁੱਕਵਾ ਪ੍ਰਬੰਧ ਨਾ ਕੀਤੇ ਜਾਣ ’ਤੇ ਅਤੇ ਪਹਿਲਾਂ ਪਾਏ ਗਏ ਸੀਵਰੇਜ ਦਾ ਪਾਣੀ ਵਾਪਸ ਆਉਣ ਨਾਲ ਤਕਰੀਬਨ 2 ਸਾਲ ਤੋਂ ਇਹ ਸਮੱਸਿਆਂ ਵਧਦੀ ਜਾ ਰਹੀ ਹੈ, ਜਿਸ ਦੇ ਹੱਲ ਲਈ ਕੋਈ ਵੀ ਵਧੀਆ ਤਰੀਕੇ ਨਾਲ ਲੈਵਲ ਕੱਢ ਕੇ ਕੰਮ ਨਹੀਂ ਕਰਵਾਇਆ ਜਾ ਰਿਹਾ। ਭਾਵੇ ਇਸ ਨੂੰ ਖਾਲੀ ਕਰਨ ਲਈ ਕਈ ਵਾਰ ਪਾਣੀ ਪੰਪ ਰਾਹੀ ਕੱਢਿਆ ਗਿਆ ਪਰ ਪੱਕਾ ਸਾਰਥਕ ਹੱਲ ਨਾ ਕਰਨ ਕਾਰਨ ਲਾਈ ਗਈ ਰਾਸ਼ੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਬਾਕਸ-- ਕੀ ਕਹਿਣਾ ਹੈ ਪੰਚਾਇਤ ਸੈਕਟਰੀ ਦਾ: ਇਸ ਸਬੰਧੀ ਮੌਜੂਦਾ ਸਰਪੰਚਣੀ ਦੇ ਪਤੀ ਸਾਬਕਾ ਸਰਪੰਚ ਰਾਮ ਮੂਰਤੀ ਨੇ ਪੁੱਛੇ ਜਾਣ ’ਤੇ ਦੱਸਿਆ ਕਿਹਾ ਕਿ ਇਸ ਸਬੰਧੀ ਗ੍ਰਾਂਟ ਮਿਲੀ ਹੈ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਸਬੰਧੀ ਪੰਚਾਇਤ ਸੈਕਟਰੀ ਰਣਜੀਤ ਨਾਲ ਫੋਨ ’ਤੇ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਪਿੰਡ ਕੂੰਟ ਲਈ ਸੀਵਰੇਜ ਪਾਉਣ ਲਈ ਗ੍ਰਾਂਟ ਮਿਲ ਗਈ ਹੈ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਚੋਣ ਜ਼ਾਬਤੇ ਕਾਰਨ ਕੰਮ ਸ਼ੁਰੂ ਨਹੀ ਹੋ ਸਕਿਆ ਸੀ। ਉਨ੍ਹਾਂ ਦੱਸਿਆ ਕਿ ਸੀਵਰੇਜ ਪਾਉਣ ਦਾ ਲੈਵਲ ਕੱਢ ਲਿਆ ਗਿਆ ਹੈ ਤੇ ਛੱਪੜ ਪੁੱਟਣ ਤੋਂ ਬਾਅਦ ਕੰਮ ਜਲਦੀ ਸ਼ੁਰੂ ਕਰਵਾ ਦੇਵਾਂਗੇ। ਸਵਾਲ ਇਹ ਖੜ੍ਹਦਾ ਹੈ ਕਿ ਕਿਸ ਗਤੀ ਨਾਲ ਕੰਮ ਕਰਵਾਉਣਾ ਹੈ, ਕਦੋ ਛੱਪੜ ਪੁਟਵਾਇਆ ਜਾਣਾ ਹੈ, ਕਦੋ ਸੀਵਰੇਜ ਦੇ ਪਾਈਪ ਪਾਏ ਜਾਣਗੇ ਤੇ ਅਜੇ ਹੋਰ ਕਿੰਨਾ ਸਮਾਂ ਲੱਗੇਗਾ? ਲੋਕਾਂ ਦਾ ਇੱਥੋਂ ਦੀ ਲੰਘਣਾ ਤੇ ਆਸ-ਪਾਸ ਗੰਦਗੀ ਦੇ ਮਾਹੌਲ ’ਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਲੈਵਲ ਕਈ ਮਹੀਨੇ ਪਹਿਲਾਂ ਕੱਢਣ ਤੇ ਸਰਵੇ ਤੋਂ ਬਾਅਦ ਗ੍ਰਾਂਟ ਮਿਲਣ ਦੇ ਬਾਵਜੂਦ ਅਜੇ ਤੱਕ ਕੰਮ ਆਰੰਭ ਨਹੀਂ ਕਰਵਾਇਆ ਜਾ ਰਿਹਾ। ਮੁਹੱਲਾ ਵਾਸੀਆਂ ਨੇ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਹੁਕਮ ਦੇ ਕੇ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਵਾ ਕੇ ਇਸ ਗੰਦਗੀ ਭਰੇ ਮਾਹੌਲ ਤੋਂ ਛੁਟਕਾਰਾ ਦੁਆਇਆ ਜਾਵੇ।