‘ਸੜਕ ਸੁਰੱਖਿਆ ਨਿਯਮਾਂ ਦੀ ਕੀਤੀ ਜਾਵੇ ਪਾਲਣਾ : ਐੱਸਡੀਐੱਮ
ਧੁੰਦ ਦੇ ਮੌਸਮ ਦੌਰਾਨ ‘ਸੜਕ ਸੁਰੱਖਿਆ ਨਿਯਮਾਂ ਦੀ ਕੀਤੀ ਜਾਵੇ ਪਾਲਣਾ " ਐੱਸ. ਡੀ.ਐੱਮ "
Publish Date: Sat, 10 Jan 2026 06:44 PM (IST)
Updated Date: Sun, 11 Jan 2026 04:09 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਸਰਦੀ ਦੇ ਮੌਸਮ ਦੌਰਾਨ ਪੈ ਰਹੀ ਸੰਘਣੀ ਦੇ ਚੱਲਦਿਆ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੇ ਪੱਤਰਕਾਰਾਂ ਨੂੰ ਇੱਕ ਪ੍ਰੈਸਨੋਟ ਜਾਰੀ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦੀ ਦੇ ਮੌਸਮ ਦੌਰਾਨ ਸੰਘਣੀ ਧੁੰਦ ਦੇ ਚੱਲਦਿਆ ਸੜਕ ਸੁਰੱਖਿਆ ਨੂੰ ਵੱਡੀ ਤਰਜ਼ੀਹ ਦਿੰਦੇ ਹੋਏ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਵੀ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲ ਕਰਦਿਆ ਕਿਹਾ ਕਿ ਸੰਘਣੀ ਧੁੰਦ ਹਾਦਸਿਆਂ ਦਾ ਮੁੱਖ ਕਾਰਨ ਹੈ, ਇਸ ਲਈ ਡਰਾਈਵਰਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਐੱਸ ਡੀ ਐਮ ਨੇ ਆਖਿਆ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ’ਤੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਮਹੱਤਤਾ ਤੇ ਵਿਸ਼ੇਸ਼ ਤੌਰ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਰਿਫਲੈਕਟਰ ਘੱਟ ਦ੍ਰਿਸ਼ਟੀ ਵਾਲੀਆਂ ਸਥਿਤੀਆਂ ਵਿਚ ਦੂਰੋਂ ਵਾਹਨਾਂ ਦੀ ਪਛਾਣ ਕਰਨ ਵਿਚ ਮਦਦ ਕਰਦੇ ਹਨ, ਜਿਸ ਨਾਲ ਹਾਦਸਿਆਂ ਦੀ ਸੰਭਾਵਨਾ ਬਹੁਤ ਹੱਦ ਤੱਕ ਘੱਟ ਜਾਂਦੀ ਹੈ। ਟਰੈਕਟਰ-ਟਰਾਲੀਆਂ, ਟਰੱਕਾਂ, ਬੱਸਾਂ, ਸਟ੍ਰੀਟ ਵਿਕਰੇਤਾ ਵਾਹਨਾਂ ਅਤੇ ਹੋਰ ਹੌਲੀ ਚੱਲਣ ਵਾਲੇ ਵਾਹਨਾਂ ਤੇ ਰਿਫਲੈਕਟਰ ਜ਼ਰੂਰ ਲਗਾਏ ਜਾਣ। ਇਨ੍ਹਾਂ ਦਿਨਾਂ ਵਿਚ ਸਾਈਕਲ ’ਤੇ ਸੜਕ ’ਤੇ ਨਿਕਲਣ ਵਾਲੇ ਲੋਕ ਰਿਫਲੈਕਟਰ ਦਾ ਉਪਯੋਗ ਸਾਈਕਲ ’ਤੇ ਜਰੂਰ ਕਰਨ। ਐੱਸਡੀਐੱਮ ਨੇ ਨਾਗਰਿਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਖ਼ੁਦ ਵੀ ਸੁਚੇਤ ਰਹਿਣ ਅਤੇ ਦੂਜਿਆਂ ਨੂੰ ਵੀ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ, ਤਾਂ ਜੋ ਧੁੰਦ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।