ਬਸੀ ਵਾਹਿਦ ਦੇ ਨੌਜਵਾਨ ਦੀ ਕੰਢੀ ਨਹਿਰ ’ਚੋਂ ਮਿਲੀ ਲਾਸ਼
ਪਿੰਡ ਬਸੀ ਵਾਹਿਦ ਦੇ ਨੌਜਵਾਨ ਦੀ ਕੰਢੀ ਨਹਿਰ ‘ਚੋ ਮਿਲੀ ਲਾਸ਼
Publish Date: Sat, 10 Jan 2026 06:05 PM (IST)
Updated Date: Sun, 11 Jan 2026 04:06 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: ਪਿੰਡ ਬਸੀ ਵਾਹਿਦ ਦੇ ਇਕ ਨੌਜਵਾਨ ਦੇ ਕੰਢੀ ਨਹਿਰ ’ਚ ਡਿੱਗ ਕੇ ਉਸ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਰਮਨਦੀਪ ਸਿੰਘ ਤੇ ਉਸ ਦੇ ਪਿਤਾ ਜਗਦੀਸ਼ ਲਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਅਰੁਣ ਕੁਮਾਰ ਹੈਪੀ (32), ਜੋ ਕਿ ਭੂੰਗਾ ਵਿਖੇ ਕੱਪੜੇ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਜਦੋ ਉਹ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ 7 ਵਜੇ ਤੱਕ ਘਰ ਨਹੀ ਪੁੱਜਾ ਤਾਂ ਪਰਿਵਾਰ ਵੱਲੋਂ ਉਸ ਦੇ ਫੋਨ ’ਤੇ ਸੰਪਰਕ ਕੀਤਾ ਗਿਆ। ਉਸ ਵੱਲੋਂ ਫੋਨ ਨਹੀ ਚੁੱਕਿਆ ਗਿਆ ਤੇ ਕੁੱਝ ਸਮੇ ਬਾਅਦ ਫੋਨ ਬੰਦ ਹੋਣ ’ਤੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਰਾਹਗੀਰ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਸਕੂਟੀ, ਜਿਸ ਦੀ ਲਾਈਟ ਚੱਲ ਰਹੀ ਹੈ, ਜੋ ਕਿ ਨਹਿਰ ’ਚ ਡਿੱਗੀ ਪਈ ਹੈ, ਜਦੋਂ ਉਨ੍ਹਾਂ ਵੱਲੋ ਜਾ ਕੇ ਦੇਖਿਆ ਗਿਆ ਤਾ ਉਹ ਸਕੂਟੀ ਉਨ੍ਹਾਂ ਦੇ ਲੜਕੇ ਅਰੁਣ ਦੀ ਸੀ, ਜਿਸ ਤੋ ਬਾਅਦ ਉਨ੍ਹਾਂ ਵੱਲੋਂ ਆਪਣੇ ਪਿੰਡ ਵਾਸੀਆ ਨੂੰ ਨਾਲ ਲੈ ਕੇ ਅਰੁਣ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸਾਰੀ ਰਾਤ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਰੁਣ ਦਾ ਕੁੱਝ ਵੀ ਪਤਾ ਨਹੀ ਲੱਗਿਆ। ਇਸ ਸਬੰਧੀ ਉਨ੍ਹਾਂ ਥਾਣਾ ਹਰਿਆਣਾ ਨੂੰ ਵੀ ਸੂਚਿਤ ਕੀਤਾ ਗਿਆ ਤੇ ਪੁਲਸ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਬਾਅਦ ’ਚ ਨਹਿਰੀ ਵਿਭਾਗ ਨਾਲ ਸੰਪਰਕ ਕਰ ਕੇ ਨਹਿਰ ਦਾ ਪਾਣੀ ਬੰਦ ਕਰਵਾਇਆ ਗਿਆ, ਜਦੋਂ ਪਾਣੀ ਦਾ ਲੈਵਲ ਘਟਿਆ ਤਾਂ ਗੋਤਾਖੋਰ ਨੂੰ ਬੁਲਾਇਆ ਗਿਆ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਵੱਲੋਂ ਭੇਜੇ ਗਏ ਗੋਤਾਖੋਰ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨਹਿਰ ਦੇ ਸਾਈਫਨ ’ਚ ਫਸੀ ਮਿਲੀ। ਥਾਣਾ ਹਰਿਆਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ’ਚ ਲੈ ਲਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ ਵਿਦੇਸ਼ ਜਾਣ ਲਈ ਫਾਈਲ ਲਾਈ ਹੋਈ ਸੀ। ਪਿੰਡ ਨੰਦਾਚੌਰ ਦੇ ਮੁਹੱਲਾ ਬਾਜ਼ੀਗਰ ਦੇ ਏਜੰਟ ਸੰਦੀਪ ਤੇ ਪਰਮਿੰਦਰ ਸਿੰਘ ਪੁੱਤਰ ਹਰੀ ਲਾਲ, ਜੋ ਕਿ ਦੋਵੇਂ ਭਰਾ ਹਨ, ਵੱਲੋਂ ਮ੍ਰਿਤਕ ਨੂੰ ਵਿਦੇਸ਼ ਭੇਜਣ ਲਈ ਫਾਈਲ ਲਾਈ ਹੋਈ ਸੀ, ਜੋ ਕਿ ਉਸ ਦਾ ਕੰਮ ਨਾ ਬਣਨ ’ਤੇ ਪੈਸੇ ਦਾ ਲੈਣ ਦੇਣ ਬਕਾਇਆ ਸੀ। ਦੋ-ਤਿੰਨ ਵਾਰ ਪੈਸੇ ਦੇਣ ਲਈ ਉਹ ਮੰਨੇ ਪਰ ਉਨ੍ਹਾਂ ਪੈਸੇ ਨਹੀਂ ਦਿੱਤੇ, ਜਿਸ ਦੇ ਚੱਲਦੇ ਉਕਤ ਮ੍ਰਿਤਕ ਪਰੇਸ਼ਾਨ ਸੀ ਤੇ ਉਸ ਨੇ ਆਤਮ-ਹੱਤਿਆ ਕਰਨ ਦਾ ਕਦਮ ਚੁੱਕਿਆ। ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਸ਼ੱਕ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਦਾ ਕਾਰਨ ਉਸ ਦੀ ਹਰਾਸਮੈਂਟ ਹੈ। ਮ੍ਰਿਤਕ ਆਪਣੇ ਪਿੱਛੇ 2 ਬੱਚੇ ਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ।