ਗੁਰੂ ਜੀ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਖ਼ਿਲਾਫ਼ ਐੱਸਏਡੀ ਵੱਲੋਂ ਧਰਨਾ
ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਖ਼ਿਲਾਫ਼ ਐਸਏਡੀ ਵੱਲੋਂ ਧਰਨਾ
Publish Date: Sat, 10 Jan 2026 05:55 PM (IST)
Updated Date: Sun, 11 Jan 2026 04:06 AM (IST)

‘ਆਪ’ ਆਗੂ ਆਤਿਸ਼ੀ ਮਾਰਲੇਨਾ ਦਾ ਪੁਤਲਾ ਫੂਕਿਆ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਸਬੰਧੀ ਦਿੱਤੀਆਂ ਗਈਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਢਾਈ ਘੰਟਿਆਂ ਤੋਂ ਵੱਧ ਸਮੇਂ ਤੱਕ ਧਰਨਾ ਦਿੱਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਆਤਿਸ਼ੀ ਮਾਰਲੇਨਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦਾ ਪੁਤਲਾ ਵੀ ਫੂਕਿਆ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਐੱਸਏਡੀ-ਬੀ ਸ਼ਹਿਰੀ ਹੁਸ਼ਿਆਰਪੁਰ ਜਤਿੰਦਰ ਸਿੰਘ ਲਾਲੀ ਬਾਜਵਾ ਸਮੇਤ ਹੋਰ ਅਕਾਲੀ ਆਗੂਆਂ ਨੇ ਕਿਹਾ ਕਿ 6 ਜਨਵਰੀ 2026 ਨੂੰ ਦਿੱਲੀ ਵਿਧਾਨ ਸਭਾ ’ਚ ਨਿਯਮ 270 ਤਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਬੰਧੀ ਚੱਲ ਰਹੀ ਵਿਸ਼ੇਸ਼ ਵਿਚਾਰ-ਚਰਚਾ ਦੌਰਾਨ ਆਤਿਸ਼ੀ ਮਾਰਲੇਨਾ ਵੱਲੋਂ ਕਥਿਤ ਤੌਰ ’ਤੇ ਅਜਿਹੀ ਸ਼ਬਦਾਵਲੀ ਵਰਤੀ ਗਈ, ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਆਗੂਆਂ ਅਨੁਸਾਰ, ਇਹ ਟਿੱਪਣੀਆਂ ਵਿਧਾਨ ਸਭਾ ਵਰਗੇ ਮਰਿਆਦਤ ਮੰਚ ਦੀ ਗੰਭੀਰਤਾ ਦੇ ਉਲਟ ਹਨ। ਆਗੂਆਂ ਨੇ ਦਾਅਵਾ ਕੀਤਾ ਕਿ ਇਸ ਕਥਿਤ ਘਟਨਾ ਨਾਲ ਸਬੰਧਤ ਵੀਡੀਓ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਕਰੋੜਾਂ ਲੋਕਾਂ, ਖ਼ਾਸ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਆਤਿਸ਼ੀ ਮਾਰਲੇਨਾ ਖ਼ਿਲਾਫ਼ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ। ਇਸ ਮੌਕੇ ਆਗੂਆਂ ਨੇ ਪਿਛਲੇ ਕੁਝ ਦਿਨਾਂ ਤੋਂ ਕੇਬਲ ਅਤੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਉਹਨਾਂ ਕਥਿਤ ਅਪਮਾਨਜਨਕ ਵੀਡੀਓ ਕਲਿੱਪਸ ’ਤੇ ਵੀ ਚਿੰਤਾ ਜਤਾਈ, ਜਿਨ੍ਹਾਂ ਵਿੱਚ ਸਿੱਖ ਗੁਰੂ ਸਾਹਿਬਾਨ, ਸਿੱਖ ਸੰਸਥਾਵਾਂ ਤੇ ਸਿੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਸਮੱਗਰੀ ਨਾਲ ਸਮਾਜ ਵਿੱਚ ਤਣਾਅ ਅਤੇ ਬੇਚੈਨੀ ਦਾ ਮਾਹੌਲ ਪੈਦਾ ਹੋ ਰਿਹਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਨਾਲ ਸਬੰਧਤ ਕਥਿਤ ਤੌਰ ’ਤੇ ਅਪਮਾਨਜਨਕ ਸਮੱਗਰੀ ਨੂੰ ਤੁਰੰਤ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਹਟਾਇਆ ਜਾਵੇ ਅਤੇ ਸਾਈਬਰ ਕਾਨੂੰਨਾਂ ਤਹਿਤ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਧਰਨਾ ਸਮਾਪਤ ਹੋਣ ਤੋਂ ਪਹਿਲਾਂ ਅਕਾਲੀ ਆਗੂਆਂ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਸੰਬੋਧਿਤ ਇੱਕ ਮੰਗ-ਪੱਤਰ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਸੌਂਪਿਆ ਗਿਆ। ਧਰਨੇ ’ਚ ਦੋਆਬਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ, ਵਰਿੰਦਰ ਸਿੰਘ ਬਾਜਵਾ, ਹਲਕਾ ਇੰਚਾਰਜ ਸ਼ਾਮ ਚੌਰਾਸੀ ਸੰਦੀਪ ਸਿੰਘ ਸਿਕਰੀ, ਸਾਬਕਾ ਮੰਤਰੀ ਪੰਜਾਬ ਬਲਬੀਰ ਸਿੰਘ ਮਿਆਣੀ ਅਤੇ ਦੇਸ਼ ਰਾਜ ਧੁੱਗਾ, ਹਲਕਾ ਇੰਚਾਰਜ ਚੱਬੇਵਾਲ ਹਰਮਿੰਦਰ ਸਿੰਘ ਸੰਧੂ, ਸਾਬਕਾ ਕਿਸਾਨ ਵਿੰਗ ਪ੍ਰਧਾਨ ਇਕਬਾਲ ਸਿੰਘ ਜੋਹਲ, ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਤਲਵਾੜ ਤੇ ਹਲਕਾ ਇੰਚਾਰਜ ਉੜਮੁੜ ਅਰਵਿੰਦਰ ਸਿੰਘ ਰਸੂਲਪੁਰ ਹਾਜ਼ਰ ਸਨ।