ਅੱਤੋਵਾਲ ਸੁਸਾਇਟੀ ਨੇ ਕੀਤੀ ਸੜਕਾਂ ਦੀ ਮੁਰੰਮਤ
ਅੱਤੋਵਾਲ ਸੁਸਾਇਟੀ ਵਲੋਂ ਕੀਤੀ ਗਈ ਸੜਕਾਂ ਦੀ ਮੁਰੰਮਤ
Publish Date: Sat, 10 Jan 2026 05:34 PM (IST)
Updated Date: Sun, 11 Jan 2026 04:06 AM (IST)

ਸਬੰਧਤ ਵਿਭਾਗਾਂ ਨੂੰ ਕਈ ਵਾਰ ਜਾਣੂ ਕਰਵਾਇਆ ਪਰ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਸੋਸਾਇਟੀ ਵਲੋਂ ਪਹਿਲ ਕਰਨ ਦਾ ਫੈਸਲਾ ਲਿਆ ਅੰਕੁਸ਼ ਗੋਇਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਇਲਾਕੇ ਵਿੱਚ ਟੁੱਟੀਆਂ ਸੜਕਾਂ ਅਤੇ ਟੋਇਆ ਤੋਂ ਪਰੇਸ਼ਾਨ ਆਮ ਨਾਗਰਿਕ ਲਈ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਵੈਲਫੇਅਰ ਸੁਸਾਇਟੀ ਅੱਤੋਵਾਲ ਵਲੋਂ ਆਪਣੇ ਆਪ ਦੇ ਨਿੱਜੀ ਸਾਧਨਾ ਨਾਲ ਇਲਾਕੇ ਦੀਆਂ ਸੜਕਾਂ ਤੇ ਪਏ ਹੋਏ ਗਹਿਰੇ ਟੋਇਆ ਨੂੰ ਭਰਿਆ ਗਿਆ। ਸੁਸਾਇਟੀ ਦੇ ਮੈਂਬਰ ਗੁਰਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਸੇਵਾ ਧੰਨ ਧੰਨ ਪੂਰਨ ਬ੍ਰਹਮਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੇ ਚਰਣ ਸੇਵਕ ਚੰਦਨ ਕਮਲ ਸਿੰਘ ਜੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਵਲੋਂ ਨਿਭਾਈ ਗਈ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਬਾਰਿਸ਼ਾਂ ਦੇ ਮੌਸਮ ਤੋਂ ਬਾਅਦ ਹੁਸ਼ਿਆਰਪੁਰ ਫਗਵਾੜਾ ਸੜਕ ਉੱਤੇ ਕਾਫੀ ਜਗ੍ਹਾ ਤੇ ਗਹਿਰੇ ਖੱਡੇ ਪੈ ਗਏ ਸਨ ਜਿਸ ਬਾਰੇ ਸਬੰਧਤ ਵਿਭਾਗਾਂ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਗਿਆ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਰ ਕੇ ਸੁਸਾਇਟੀ ਵਲੋਂ ਖੁੱਦ ਹੀ ਅੱਗੇ ਵੱਧ ਕੇ ਇਹ ਪਹਿਲ ਕਰਨ ਦਾ ਫੈਸਲਾ ਲਿਆ ਗਿਆ ਤਾਂ ਕਿ ਸੜਕ ’ਤੇ ਚਲਣ ਵਾਲੇ ਲੋਕਾਂ ਨੂੰ ਕਿਸੇ ਵੱਡੀ ਦੁਰਘਟਨਾ ਤੋਂ ਬਚਾਇਆ ਜਾ ਸਕੇ। ਮੁਰੰਮਤ ਦੌਰਾਨ ਪੁਰਹੀਰਾਂ ਤੋਂ ਮੇਹਟੀਆਣਾ ਆਦਮਪੁਰ ਰੋਡ ਤੇ ਮੇਹਟੀਆਣਾ ਤੋਂ ਫਗਵਾੜੇ ਦੇ ਨੇੜਲੇ ਪਿੰਡਾ ਦਾ ਹਿੱਸਾ ਕਵਰ ਕੀਤਾ ਗਿਆ। ਮੁਰੰਮਤ ਦੌਰਾਨ ਟਰੈਫਿਕ ਆਵਾਜਾਈ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿਸ ਲਈ ਨੌਜਵਾਨਾਂ ਵਲੋਂ ਬੈਰੀਗੇਟਸ ਦੀ ਵੀ ਵਰਤੋਂ ਕੀਤੀ ਗਈ। ਮੁਰੰਮਤ ਦੌਰਾਨ ਟੋਇਆ ਟਿੱਬਿਆ ਨੂੰ ਭਰ ਕੇ ਬਰਾਬਰ ਕੀਤਾ ਗਿਆ ਤਾਕਿ ਦੋ ਪਹਿਯਾ ਅਤੇ ਚਾਰ ਪਹਿਯਾ ਵਾਹਨਾਂ ਦੇ ਨਾਲ-ਨਾਲ ਪੈਦਲ ਤੁਰਨ ਵਾਲਿਆਂ ਨੂੰ ਵੀ ਸੁਵਿਧਾ ਮਿਲ ਸਕੇ। ਮੁਰੰਮਤ ਦੌਰਾਨ ਇਲਾਕੇ ਦੇ ਲੋਕਾਂ ਵਲੋਂ ਸੁਸਾਇਟੀ ਵਲੋਂ ਨਿਭਾਈ ਜਾ ਰਹੀ ਇਸ ਸੇਵਾ ਦੀ ਖੁੱਲੇ ਦਿਲ ਨਾਲ ਸਰਾਹਨਾ ਕੀਤੀ ਗਈ। ਲੋਕਾਂ ਦਾ ਕਹਿਣਾ ਸੀ ਕਿ ਸੜਕ ਤੋਂ ਸਕੂਲ ਬੱਸਾਂ, ਬਜ਼ੁਰਗ, ਮਰੀਜ਼ਾਂ ਨੂੰ ਹਸਪਤਾਲ ਲਿਜਾਉਣ ਵਾਲੀਆਂ ਐਂਬੂਲੈਂਸ ਰੋਜ਼ ਲੰਘਦੀਆਂ ਹਨ। ਇਸ ਕਰ ਕੇ ਸੁਸਾਇਟੀ ਦਾ ਇਹ ਕਦਮ ਬਹੁਤ ਸ਼ਲਾਘਾਯੋਗ ਹੈ। ਸੁਸਾਇਟੀ ਵਲੋਂ ਜਿੱਥੇ ਪ੍ਰਸ਼ਾਸ਼ਨ ਨੂੰ ਸੜਕਾਂ ਦੇ ਸਥਾਈ ਸੁਧਾਰ ਲਈ ਠੋਸ ਕਦਮ ਚੁੱਕਣ ਲਈ ਬੇਨਤੀ ਕੀਤੀ ਗਈ, ਉੱਥੇ ਹੀ ਸਥਾਨੀਯ ਨਾਗਰਿਕਾਂ ਨੂੰ ਆਪਣੇ-ਆਪਣੇ ਪਿੰਡਾਂ ਕੋਲੋਂ ਗੁਜਰਦੀਆਂ ਸੜਕਾਂ ਦੀ ਦੇਖਰੇਖ ਕਰਨ ਦੀ ਜ਼ਿੰਮੇਵਾਰੀ ਲੈਣ ਦੀ ਬੇਨਤੀ ਵੀ ਕੀਤੀ।