ਮਾਹਿਲਪੁਰ ਇਲਾਕੇ ’ਚ ਫੂਡ ਸੇਫਟੀ ਟੀਮ ਦੀ ਛਾਪੇਮਾਰੀ
ਮਾਹਿਲਪੁਰ ਖੇਤਰ ’ਚ ਫੂਡ ਸੇਫਟੀ ਟੀਮ ਦੀ ਛਾਪੇਮਾਰੀ
Publish Date: Sat, 10 Jan 2026 05:20 PM (IST)
Updated Date: Sun, 11 Jan 2026 04:03 AM (IST)

ਤੇਲ, ਸ਼ੱਕਰ ਅਤੇ ਮੈਯੋਨੀਜ਼ ਦੇ ਸੈਂਪਲ ਭਰੇ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਆਮ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾਪੂਰਨ ਖਾਣ-ਪੀਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫੂਡ ਸੇਫਟੀ ਵਿਭਾਗ ਪੰਜਾਬ ਵੱਲੋਂ ਲਗਾਤਾਰ ਜਾਂਚ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਮਾਹਿਲਪੁਰ ਖੇਤਰ ਵਿੱਚ ਫੂਡ ਸੇਫਟੀ ਟੀਮ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਮਿਲੀ ਜਾਣਕਾਰੀ ਮੁਤਾਬਕ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦਿਲਰਾਜ ਸਿੰਘ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਇਸ਼ਾਨ ਬਾਂਸਲ ਅਤੇ ਟੀਮ ਵੱਲੋਂ ਵੱਖ-ਵੱਖ ਫੂਡ ਬਿਜ਼ਨਸ ਸਥਾਨਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ ਤਿੰਨ ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਇੱਕ ਸੈਂਪਲ ਖਾਣੇ ਵਾਲੇ ਤੇਲ (ਕੁਕਿੰਗ ਆਇਲ), ਇੱਕ ਸ਼ੱਕਰ ਅਤੇ ਇੱਕ ਮੈਯੋਨੀਜ਼ ਦਾ ਸ਼ਾਮਲ ਹੈ। ਇਹ ਸਾਰੇ ਸੈਂਪਲ ਗੁਣਵੱਤਾ ਜਾਂਚ ਲਈ ਫੂਡ ਸੇਫਟੀ ਲੈਬੋਰਟਰੀ, ਖਾਰੜ ਭੇਜੇ ਗਏ ਹਨ। ਲੈਬ ਰਿਪੋਰਟ ਆਉਣ ਉਪਰੰਤ ਫੂਡ ਸੇਫਟੀ ਐਕਟ ਅਧੀਨ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਫੂਡ ਸੇਫਟੀ ਟੀਮ ਵੱਲੋਂ ਸੰਬੰਧਿਤ ਵਪਾਰੀਆਂ ਨੂੰ ਸਾਫ਼-ਸਫ਼ਾਈ, ਨਿੱਜੀ ਸਵੱਛਤਾ ਅਤੇ ਭੋਜਨ ਸੁਰੱਖਿਆ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਨਾਲ ਹੀ ਖਾਣ-ਪੀਣ ਦੀ ਤਿਆਰੀ, ਸਟੋਰੇਜ ਅਤੇ ਵਿਕਰੀ ਦੌਰਾਨ ਨਿਰਧਾਰਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਫਸਰ ਇਸ਼ਾਨ ਬਾਂਸਲ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਲਾਇਸੈਂਸਸ਼ੁਦਾ ਅਤੇ ਭਰੋਸੇਯੋਗ ਦੁਕਾਨਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦਣ ਅਤੇ ਕਿਸੇ ਵੀ ਕਿਸਮ ਦੀ ਸ਼ਿਕਾਇਤ ਦੀ ਸੂਚਨਾ ਤੁਰੰਤ ਵਿਭਾਗ ਨੂੰ ਦੇਣ।