ਏਟੀਐੱਮ ਕਾਰਡ ਬਦਲ ਕੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ
ਏਟੀਐਮ ਬਦਲ ਲੋਕਾਂ ਨਾਲ ਠੱਗੀ ਮਾਰਨ ਵਾਲਾ ਇੱਕ ਦੋਸ਼ੀ ਗ੍ਰਿਫ਼ਤਾਰ
Publish Date: Tue, 06 Jan 2026 04:45 PM (IST)
Updated Date: Tue, 06 Jan 2026 04:47 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਥਾਣਾ ਟਾਂਡਾ ਪੁਲਿਸ ਨੇ ਏਟੀਐੱਮ ਬਦਲ ਲੋਕਾਂ ਦੇ ਪੈਸੇ ਠੱਗਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 53 ਏਟੀਐੱਮ ਕਾਰਡ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਕਰਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਥਾਣਾ ਡਵੀਜਨ ਨੰਬਰ 8 ਜਿਲ੍ਹਾ ਜਲੰਧਰ ਵਜੋਂ ਹੋਈ ਹੈ। ਇਹ ਜਾਣਕਾਰੀ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਵੀ ਉਨ੍ਹਾਂ ਨਾਲ ਹਾਜ਼ਰ ਸਨ। ਡੀਐਸਪੀ ਨੇ ਦੱਸਿਆ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ’ਤੇ ਕਾਬੂ ਪਾਉਣ ਲਈ ਚਲਾਈ ਮੁਹਿੰਮ ਤਹਿਤ ਏਐਸਆਈ ਮਨਿੰਦਰ ਕੌਰ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਟਾਂਡਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਕਿਸੇ ਮੁੱਖਬਰ ਦੀ ਇਤਲਾਹ ’ਤੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਕੀਤੀ ਪੁੱਛਗਿੱਛ ਦੌਰਾਨ ਉਸਦੇ ਕਬਜ਼ੇ ’ਚੋਂ 53 ਏਟੀਐੱਮ ਕਾਰਡ ਵੱਖ ਵੱਖ ਬੈਂਕਾਂ ਦੇ ਬਰਾਮਦ ਕੀਤੇ। ਟਾਂਡਾ ਪੁਲਿਸ ਨੇ ਮੌਕੇ ’ਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਥਾਣਾ ਟਾਂਡਾ ਲਿਆਂਦਾ ਅਤੇ ਮਾਮਲੇ ਦਰਜ ਕਰ ਕੇ ਕੀਤੀ ਪੁਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਵੱਖ ਵੱਖ ਜਗ੍ਹਾ ਏਟੀਐੱਮ ਤੇ ਬਜ਼ੁਰਗ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਤੇ ਉਨ੍ਹਾਂ ਦੇ ਏਟੀਐੱਮ ਬਦਲ ਕੇ ਲਿਜਾਂਦਾ ਸੀ ਤੇ ਉਨ੍ਹਾਂ ਦੇ ਏਟੀਐੱਮ ਕਾਰਡ ’ਚੋਂ ਪੈਸੇ ਕਢਵਾ ਲੈਂਦਾ ਸੀ। ਡੀਐੱਸਪੀ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਦਸੂਹਾ ਪੇਸ਼ ਕਰ ਕੇ ਹਾਸਲ ਕੀਤੇ ਰਿਮਾਂਡ ਤੋਂ ਬਾਅਦ ਅਗਲੀ ਤਫਤੀਸ਼ ਅਮਲ ’ਚ ਲਿਆਂਦੀ ਗਈ ਤੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।