ਹੁਸ਼ਿਆਰਪੁਰ ’ਚ ਸੀਤ ਲਹਿਰ ਨੇ ਵਧਾਈਆਂ ਮੁਸ਼ਕਲਾਂ, ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ
ਹੁਸ਼ਿਆਰਪੁਰ ‘ਚ ਠੰਢ ਦੀ ਲਹਿਰ ਨੇ ਵਧਾਈਆਂ ਮੁਸ਼ਕਲਾਂ, ਗਰੀਬ ਤੇ ਦਿਹਾੜੀਦਾਰ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ
Publish Date: Tue, 06 Jan 2026 04:41 PM (IST)
Updated Date: Tue, 06 Jan 2026 04:44 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਸਵੇਰ ਤੇ ਰਾਤ ਦੇ ਸਮੇਂ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਕਾਰਨ ਤਾਪਮਾਨ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਠੰਢੀ ਲਹਿਰ ਦਾ ਸਭ ਤੋਂ ਵੱਧ ਅਸਰ ਦਿਹਾੜੀਦਾਰ ਮਜ਼ਦੂਰਾਂ, ਗਰੀਬ ਵਰਗ ਅਤੇ ਬਜ਼ੁਰਗਾਂ ‘ਤੇ ਪੈ ਰਿਹਾ ਹੈ। ਧੁੰਦ ਕਾਰਨ ਸਵੇਰ ਅਤੇ ਸ਼ਾਮ ਦੇ ਸਮੇਂ ਸੜਕਾਂ ‘ਤੇ ਦਿਸਣਹੱਦ ਘੱਟ ਰਹਿਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਦੇ ਕਈ ਇਲਾਕਿਆਂ ’ਚ ਲੋਕ ਠੰਢ ਤੋਂ ਬਚਣ ਲਈ ਅੱਗ ਸੇਕਦੇ ਨਜ਼ਰ ਆਏ। ਦਿਹਾੜੀਦਾਰ ਮਜ਼ਦੂਰਾਂ ਲਈ ਕੰਮ ਲੱਭਣਾ ਵੀ ਮੁਸ਼ਕਲ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਸੰਕਟ ਖੜ੍ਹਾ ਹੋ ਗਿਆ ਹੈ। ਪਿੰਡ ਨਾਰੂ ਨੰਗਲ ਦੇ ਨਿਵਾਸੀ ਜੀਵਨ (36) ਨੇ ਦੱਸਿਆ ਕਿ ਉਹ ਹਰ ਰੋਜ਼ ਕਰੀਬ 15 ਕਿਲੋਮੀਟਰ ਤੈਅ ਕਰ ਕੇ ਹੁਸ਼ਿਆਰਪੁਰ ਦੇ ਲੇਬਰ ਅੱਡੇ ‘ਤੇ ਮਜ਼ਦੂਰੀ ਲਈ ਆਉਂਦਾ ਹੈ, ਪਰ ਕੜਾਕੇ ਦੀ ਠੰਢ ਕਾਰਨ ਕੰਮ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਚੱਕ ਗੁਜਰਾਂ ਦੇ ਰਵੀ, ਅਹਿਰਾਨਾ ਖੁਰਦ ਦੇ ਬਲਬੀਰ (27) ਅਤੇ ਸਥਾਨਕ ਨਿਵਾਸੀ ਸੰਨੀ (32) ਨੇ ਦੱਸਿਆ ਕਿ ਹੱਡੀਆਂ ਨੂੰ ਠੋਰਨ ਵਾਲੀ ਠੰਢ ਵਿੱਚ ਮਜ਼ਦੂਰੀ ਲੱਭਣਾ ਬਹੁਤ ਔਖਾ ਹੋ ਗਿਆ ਹੈ। ਸੰਨੀ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਉਸਨੂੰ ਸਿਰਫ ਇੱਕ ਦਿਨ ਹੀ ਕੰਮ ਮਿਲਿਆ, ਜਿਸ ਨਾਲ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਬਣ ਗਿਆ ਹੈ। ਮਜ਼ਦੂਰਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਰਾਹਤ ਪ੍ਰਬੰਧ ਵਧਾਏ ਜਾਣ ਅਤੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਇਆ ਜਾਵੇ। ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਨੇ ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਬਿਨਾਂ ਲੋੜ ਸਵੇਰ-ਸ਼ਾਮ ਘਰੋਂ ਬਾਹਰ ਨਾ ਨਿਕਲਣ ਅਤੇ ਬਜ਼ੁਰਗਾਂ ਤੇ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਤੱਕ ਠੰਢ ਦਾ ਅਸਰ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਰਾਹਤ ਪ੍ਰਬੰਧਾਂ ‘ਤੇ ਹੋਰ ਧਿਆਨ ਦੇਣ ਦੀ ਲੋੜ ਹੈ।