ਜ਼ਿਲ੍ਹੇ ’ਚ 40 ਥਾਵਾਂ ’ਤੇ ਨਾਕਾਬੰਦੀ, 320 ਵਾਹਨਾਂ ਦੇ ਕੱਟੇ ਚਲਾਨ
ਜ਼ਿਲ੍ਹੇ ’ਚ 40 ਥਾਵਾਂ ’ਤੇ ਨਾਕਾਬੰਦੀ, 320 ਵਾਹਨਾਂ ਦੇ ਚਲਾਨ, 4 ਡਰੰਕਨ ਡ੍ਰਾਈਵਿੰਗ ਦੇ ਮਾਮਲੇ
Publish Date: Tue, 06 Jan 2026 04:33 PM (IST)
Updated Date: Tue, 06 Jan 2026 04:35 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਭਰ ’ਚ ਕਾਨੂੰਨ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਤੇ ਲੋਕਾਂ ’ਚ ਸੁਰੱਖਿਆ ਦਾ ਭਰੋਸਾ ਪੈਦਾ ਕਰਨ ਲਈ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਨਾਕਾਬੰਦੀ ਕੀਤੀ ਗਈ। ਬੱਸ ਸਟੈਂਡ ਚੌਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਮਲਿਕਾ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ’ਚ ਕਰੀਬ 40 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਕਾਰਵਾਈ ਦੌਰਾਨ ਸਾਰੇ ਗਜ਼ਟਿਡ ਅਫ਼ਸਰ, ਐੱਸਐੱਚਓ, ਚੌਕੀ ਇੰਚਾਰਜ ਅਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਰਹੀ। ਐੱਸਐੱਸਪੀ ਨੇ ਕਿਹਾ ਕਿ ਇਸ ਨਾਕਾਬੰਦੀ ਦਾ ਮੁੱਖ ਮਕਸਦ ਲੋਕਾਂ ’ਚ ਭਰੋਸਾ ਪੈਦਾ ਕਰਨਾ ਅਤੇ ਅਪਰਾਧ ਰੋਕਥਾਮ ਲਈ ਪੂਰਵ ਰੋਕਥਾਮ ਕਾਰਵਾਈ ਕਰਨਾ ਸੀ। ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ, ਮੋਟਰਸਾਈਕਲ ਸਵਾਰ ਅਪਰਾਧੀਆਂ ਅਤੇ ਹੋਰ ਅਪਰਾਧੀ ਤੱਤਾਂ ’ਤੇ ਖ਼ਾਸ ਨਜ਼ਰ ਰੱਖੀ ਗਈ। ਇਸ ਦੌਰਾਨ ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ ਜਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ ਕੁਝ ਵਾਹਨ ਜ਼ਬਤ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੀ ਇਹ ਮੁਹਿੰਮ ਕੱਲ ਰਾਤ ਕਰੀਬ 10 ਵਜੇ ਤੱਕ ਜਾਰੀ ਰਹੀ। ਇਸਦੇ ਨਾਲ-ਨਾਲ ਜਿਹੜੀਆਂ ਥਾਵਾਂ ’ਤੇ ਜਨਤਾ ਦਾ ਇਕੱਠ ਜ਼ਿਆਦਾ ਹੁੰਦਾ ਹੈ ਜਾਂ ਜਿੱਥੋਂ ਪੁਲਿਸ ਨੂੰ ਖੁੱਲ੍ਹੇ ਸਥਾਨਾਂ ’ਚ ਸ਼ਰਾਬ ਪੀਣ ਸੰਬੰਧੀ ਸ਼ਿਕਾਇਤਾਂ ਮਿਲਦੀਆਂ ਹਨ, ਉੱਥੇ ਵੀ ਸਖ਼ਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਵੀ ਚਲਾਨ ਕੀਤੇ ਗਏ। ਪੁਲਿਸ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਕੁੱਲ 320 ਵਾਹਨਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ ਵਿੱਚੋਂ 4 ਚਲਾਨ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਮਾਮਲਿਆਂ ਨਾਲ ਸੰਬੰਧਤ ਸਨ।