ਮਾਵਾਂ ਦੀਆਂ ਮੌਤਾਂ ਰੋਕਣ ਲਈ ਪੂਰਵ ਯੋਜਨਾ ਤੇ ਸਖ਼ਤ ਨਿਗਰਾਨੀ ਜ਼ਰੂਰੀ : ਡਾ. ਬਲਵੀਰ ਕੁਮਾਰ
ਮਾਤਰੀ ਮੌਤਾਂ ਰੋਕਣ ਲਈ ਪੂਰਵ ਯੋਜਨਾ ਅਤੇ ਸਖ਼ਤ ਨਿਗਰਾਨੀ ਜ਼ਰੂਰੀ : ਡਾ. ਬਲਵੀਰ ਕੁਮਾਰ
Publish Date: Tue, 06 Jan 2026 03:37 PM (IST)
Updated Date: Tue, 06 Jan 2026 03:38 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ’ਚ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਜੱਚਾ-ਬੱਚਾ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਮੈਟਰਨਲ ਡੈੱਥ ਰੀਵਿਊ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਬਲਵੀਰ ਕੁਮਾਰ ਨੇ ਕੀਤੀ, ਜਦਕਿ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਕਾਰਵਾਈ ਦੀ ਅਗਵਾਈ ਕੀਤੀ। ਮੀਟਿੰਗ ਦੌਰਾਨ ਦਸੰਬਰ ਮਹੀਨੇ ਦੌਰਾਨ ਦਰਜ ਹੋਈਆਂ ਮਾਵਾਂ ਦੀਆਂ ਮੌਤਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਸਬੰਧਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਧਿਕਾਰੀ, ਮੈਡੀਕਲ ਅਫਸਰ, ਐਲਐਚਵੀ, ਏਐਨਐਮ, ਆਸ਼ਾ ਵਰਕਰ ਅਤੇ ਅੰਦਰੂਨੀ ਕਮੇਟੀ ਦੇ ਮੈਂਬਰ ਹਾਜ਼ਰ ਰਹੇ। ਸਿਵਲ ਸਰਜਨ ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੋਕਣ ਲਈ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਅਤੇ ਲਗਾਤਾਰ ਨਿਗਰਾਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਹਦਾਇਤ ਕੀਤੀ ਕਿ ਸਾਰੇ ਲੁੜੀਂਦੇ ਟੈਸਟ ਨਿਰਧਾਰਿਤ ਸਮੇਂ ਅੰਦਰ ਕਰਵਾਏ ਜਾਣ ਅਤੇ ਜ਼ਰੂਰਤ ਅਨੁਸਾਰ ਉਚਿਤ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਜਣੇਪੇ ਵਾਲੀਆਂ ਗਰਭਵਤੀ ਮਹਿਲਾਵਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹਰ ਗਰਭਵਤੀ ਔਰਤ ਦੇ ਜਣੇਪੇ ਦੀ ਪਹਿਲਾਂ ਹੀ ਯੋਜਨਾ ਤਿਆਰ ਕੀਤੀ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਘਰ ਵਿੱਚ ਡਿਲਿਵਰੀ ਨਾ ਹੋਵੇ। ਸਾਰੀਆਂ ਡਿਲਿਵਰੀਆਂ ਸਿਹਤ ਸੰਸਥਾਵਾਂ ਵਿੱਚ ਹੀ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਹਰ ਗਰਭਵਤੀ ਮਹਿਲਾ ਦੀ ਜਲਦੀ ਤੋਂ ਜਲਦੀ ਸਿਹਤ ਸੰਸਥਾ ’ਚ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵਜ਼ਨ, ਬਲੱਡ ਪ੍ਰੈਸ਼ਰ, ਐਚਬੀ, ਸ਼ੂਗਰ, ਥਾਇਰਾਇਡ, ਹੈਪੈਟਾਇਟਿਸ, ਐਲਐਫਟੀ, ਸਕੈਨ ਅਤੇ ਈਸੀਜੀ ਵਰਗੇ ਸਾਰੇ ਟੈਸਟ ਸਮੇਂ ਸਿਰ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੰਭਾਵਿਤ ਜਟਿਲਤਾਵਾਂ ਨੂੰ ਪਹਿਲਾਂ ਹੀ ਪਛਾਣਿਆ ਜਾ ਸਕੇ। ਮੀਟਿੰਗ ਵਿੱਚ ਏਐਨਸੀ ਅਤੇ ਪੋਸਟ ਨੇਟਲ ਚੈਕਅਪ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਮੇਂ ਸਿਰ ਪਛਾਣ, ਪੂਰਵ ਯੋਜਨਾ ਅਤੇ ਤੁਰੰਤ ਉਪਚਾਰ ਹੀ ਮਾਤਰੀ ਮੌਤ ਦਰ ਘਟਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਕਦਮ ਹਨ।