ਪਿਛਲੇ 10 ਦਿਨਾਂ ਤੋਂ ਪਾਣੀ ਦੀ ਬੂੰਦ ਬੂੰਦ ਲਈ ਤਰਸੇ ਪਿੰਡ ਮਨੋਲੀਆਂ ਦੇ ਲੋਕ
ਪਿਛਲੇ 10ਦਿਨਾਂ ਤੋਂ ਪਾਣੀ ਦੀ ਬੂੰਦ ਬੂੰਦ ਲਈ ਤਰਸੇ ਪਿੰਡ ਮਨੋਲੀਆਂ ਦੇ ਲੋਕ
Publish Date: Fri, 02 Jan 2026 04:33 PM (IST)
Updated Date: Fri, 02 Jan 2026 04:35 PM (IST)

ਪੁਰਾਣੇ ਟਿਊਬਵੈੱਲ ਦੀ ਮੁਰੰਮਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ : ਐੱਸਡੀਓ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪਿੰਡ ਮਨੋਲੀਆਂ ਵਿਖੇ ਪਿਛਲੇ 10ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਪਿੰਡ ਵਾਸੀ ਪਾਣੀ ਦੀ ਬੂੰਦ ਬੂੰਦ ਲਈ ਤਰਸ ਗਏ ਹਨ। ਜਿਸ ਕਾਰਨ ਦੁਖੀ ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਲੈਕੇ ਵਿਭਾਗ ਅਤੇ ਪੰਜਾਬ ਸਰਕਾਰ ਰੋਸ ਜਾਹਿਰ ਕੀਤੀ ਅਤੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਚਾਲੂ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਿਕ ਅਮਰਜੀਤ ਸਿੰਘ, ਕੁਲਦੀਪ ਸਿੰਘ ਕੰਡਾ, ਪਵਨਾ ਕੁਮਾਰੀ, ਰਣਜੀਤ ਕੌਰ, ਸੋਮ ਪ੍ਰਕਾਸ਼,ਟੇਕ ਚੰਦ, ਸੋਮਾ, ਪਰਮਜੀਤ ਸਿੰਘ, ਸੋਹਣ ਲਾਲ, ਬਲਜੀਤ ਕੌਰ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਕ੍ਰਿਸ਼ਨਾ ਦੇਵੀ, ਸਰੋਜ ਦੇਵੀ, ਡਾ ਅਨਿਲ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਪਹਿਲਾ ਤਾਂ ਦੋ- ਤਿੰਨ ਬਾਅਦ ਪਾਣੀ ਦੀ ਸਪਲਾਈ ਆਉਂਦੀ ਸੀ ਲੇਕਿਨ ਹੁਣ 10 ਦਿਨ ਤੋਂ ਪਾਣੀ ਦੀ ਸਪਲਾਈ ਬਿਲਕੁਲ ਠੱਪ ਹੋ ਗਈ ਹੈ। ਪਿੰਡ ਵਾਸੀ ਪਾਣੀ ਦੀ ਬੂੰਦ ਬੂੰਦ ਲਈ ਤਰਸ ਗਏ ਹਨ।ਉਹ ਖੇਤਾਂ ਵਿੱਚ ਲੱਗੇ ਦੂਰ ਦੁਰਾਡੇ ਟਿਊਬਵੈਲਾਂ ਅਤੇ ਲੋਕਾਂ ਘਰਾਂ ਵਿੱਚ ਲੱਗੇ ਸਮਬਰਸੀਬਲ ਪੰਪਾ ਤੋਂ ਪਾਣੀ ਢੋਹ ਕੇ ਕੰਮ ਚਲਾ ਰਹੇ ਹਨ। ਅਮੀਰ ਲੋਕ ਤਾਂ ਮਹਿੰਗੇ ਪੰਪ ਲੱਗਾ ਕਿ ਮਸਲਾ ਹੱਲ ਕਰ ਲੈਂਦੇ ਹਨ ਪ੍ਰੰਤੂ ਲੱਖਾਂ ਰੁਪਏ ਦੀ ਲਾਗਤ ਨਾਲ ਸੰਬਰਸੀਬਲ ਪੰਪ ਲਗਾਉਣਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੈ। ਉਹ ਸਬੰਧਿਤ ਵਿਭਾਗ ਦੇ ਦਫਤਰ ਪਹੁੰਚ ਕੇ ਕਈ ਵਾਰ ਦੱਸ ਚੁੱਕੇ ਹਨ ਪਰ ਅਜੇ ਤੱਕ ਪਿੰਡ ਵਾਸੀਆਂ ਦੀ ਸਮੱਸਿਆ ਦਾ ਕੋਈ ਹੱਲ ਨਹੀ ਹੋਇਆ। ਦੁਖੀ ਹੋਕੇ ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਲੈਕੇ ਵਿਭਾਗ ਅਤੇ ਸਰਕਾਰ ਖ਼ਿਲਾਫ਼ ਰੋਸ ਜਾਹਿਰ ਕਰਦਿਆਂ ਪਾਣੀ ਦੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਮੰਗ ਕੀਤੀ। ਇਸ ਬਾਰੇ ਵਾਟਰ ਸਪਲਾਈ ਵਿਭਾਗ ਦੇ ਐਸ ਡੀ ਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਨੋਲੀਆ ਪਿੰਡ ਦੀ ਪਾਣੀ ਦੀ ਸਪਲਾਈ ਵਾਲਾ ਟਿਊਬਵੈੱਲ ਫੇਲ ਹੋ ਗਿਆ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਆਈ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਵੀਂ ਸਪਲਾਈ ਲਈ ਲਿੱਖ ਦਿੱਤਾ ਹੈ। ਜਦ ਤੱਕ ਨਵੀਂ ਸਪਲਾਈ ਨਹੀਂ ਮਿਲਦੀ ਇਸ ਤੋਂ ਪਹਿਲਾਂ ਵਾਲੇ ਟਿਊਬਵੈੱਲ ਦੀ ਮੁਰੰਮਤ ਕਰਕੇ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।