ਹੁਸ਼ਿਆਰਪੁਰ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਵੱਡਾ ਹੱਲਾ: ਹਿਮਾਚਲ ਤੇ ਪਟਿਆਲਾ ਦੇ ਨੌਜਵਾਨਾਂ ਸਣੇ 7 ਕਾਬੂ, ਹੈਰੋਇਨ ਤੇ ਗੋਲੀਆਂ ਬਰਾਮਦ
ਜ਼ਿਲ੍ਹੇ ਅੰਦਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਭਾਰੀ ਮਾਤਰਾ ਵਿੱਚ ਹੈਰੋਇਨ, ਨਸ਼ੀਲੇ ਪਦਾਰਥ ਅਤੇ ਗੋਲੀਆਂ ਸਮੇਤ ਕਈ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਗ੍ਰਿਫ਼ਤਾਰੀਆਂ ਗਸ਼ਤ ਅਤੇ ਮੁਸਤੈਦੀ ਸਦਕਾ ਸੰਭਵ ਹੋਈਆਂ ਹਨ।
Publish Date: Sat, 25 Apr 2026 03:21 PM (IST)
Updated Date: Sat, 25 Apr 2026 03:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹੇ ਅੰਦਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਭਾਰੀ ਮਾਤਰਾ ਵਿੱਚ ਹੈਰੋਇਨ, ਨਸ਼ੀਲੇ ਪਦਾਰਥ ਅਤੇ ਗੋਲੀਆਂ ਸਮੇਤ ਕਈ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਗ੍ਰਿਫ਼ਤਾਰੀਆਂ ਗਸ਼ਤ ਅਤੇ ਮੁਸਤੈਦੀ ਸਦਕਾ ਸੰਭਵ ਹੋਈਆਂ ਹਨ।
ਸਫੈਦ ਰੰਗ ਦੀ ਬਲੇਨੋ ਕਾਰ ’ਚੋਂ ਨਸ਼ੀਲਾ ਪਦਾਰਥ ਬਰਾਮਦ
ਗੜ੍ਹਸ਼ੰਕਰ ਪੁਲਿਸ ਨੇ ਇੱਕ ਅੰਤਰਰਾਜੀ ਕਾਰਵਾਈ ਦੌਰਾਨ ਦੋ ਨੌਜਵਾਨਾਂ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ. ਓਂਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਪਿੱਪਲੀਵਾਲ ਦੇ ਸ਼ਮਸ਼ਾਨਘਾਟ ਨੇੜੇ ਗਸ਼ਤ ’ਤੇ ਸੀ। ਉੱਥੇ ਸੜਕ ਕਿਨਾਰੇ ਖੜ੍ਹੀ ਇੱਕ ਚਿੱਟੇ ਰੰਗ ਦੀ ਬਲੇਨੋ ਕਾਰ ’ਚ ਬੈਠੇ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।
ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਅਮਨਿੰਦਰ ਸਿੰਘ ਉਰਫ਼ ਬਿੱਲਾ (33) ਵਾਸੀ ਪਿੰਡ ਮਜਾਰਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਅਤੇ ਗੁਰਭੇਜ ਸਿੰਘ ਉਰਫ਼ ਲੱਲੀ (27) ਵਾਸੀ ਪਿੰਡ ਸਾਹਿਬ ਦੀ ਪੁਰ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਅਮਨਿੰਦਰ ਪਾਸੋਂ 6 ਗ੍ਰਾਮ ਹੈਰੋਇਨ ਤੇ 260 ਗ੍ਰਾਮ ਨਸ਼ੀਲਾ ਪਦਾਰਥ, ਜਦਕਿ ਗੁਰਭੇਜ ਪਾਸੋਂ 7 ਗ੍ਰਾਮ ਹੈਰੋਇਨ ਤੇ 265 ਗ੍ਰਾਮ ਨਸ਼ੀਲਾ ਪਦਾਰਥ ਕਥਿਤ ਤੌਰ ’ਤੇ ਬਰਾਮਦ ਹੋਇਆ ਹੈ।
ਮੰਡੀ ਦੇ ਸਰਕੰਡਿਆਂ ’ਚ ਲੁਕਣ ਦੀ ਕੋਸ਼ਿਸ਼ ਕਰਦਾ ਤਸਕਰ ਕਾਬੂ
ਥਾਣਾ ਮਾਹਿਲਪੁਰ ਦੀ ਪੁਲਿਸ ਨੇ ਪੱਦੀ ਸੂਰਾ ਸਿੰਘ (ਸੈਲਾ ਖੁਰਦ) ਦੀ ਦਾਣਾ ਮੰਡੀ ਨੇੜਿਓਂ ਅਜੈ ਕੁਮਾਰ ਉਰਫ਼ ਅੱਜੂ (29) ਵਾਸੀ ਪਿੰਡ ਬਘੋਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮ ਪੁਲਿਸ ਦੀ ਗੱਡੀ ਦੇਖ ਕੇ ਮੰਡੀ ਦੇ ਪਿਛਲੇ ਗੇਟ ਨੇੜੇ ਸਰਕੰਡਿਆਂ ਵੱਲ ਖਿਸਕਣ ਲੱਗਾ ਸੀ। ਤਲਾਸ਼ੀ ਦੌਰਾਨ ਉਸ ਦੇ ਪਜਾਮੇ ਦੇ ਨੇਫੇ ਵਿੱਚੋਂ ਕਥਿਤ ਤੌਰ 'ਤੇ 68 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਤੇਜਪਾਲ ਉਰਫ਼ ਤੇਜਾ ਵਾਸੀ ਪਿੰਡ ਭਰੋਵਾਲ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਪੁਰਾਣੇ ਬੱਸ ਸਟੈਂਡ ’ਤੇ ਪੁਲਿਸ ਨੂੰ ਦੇਖ ਸੁੱਟਿਆ ਨਸ਼ੇ ਦਾ ਲਿਫਾਫਾ
ਦਸੂਹਾ ਵਿਖੇ ਐੱਸ.ਆਈ. ਗੁਰਬਚਨ ਸਿੰਘ ਦੀ ਟੀਮ ਨੇ ਧਰਮਪੁਰਾ ਪੁਰਾਣਾ ਬੱਸ ਸਟਾਪ ਤੋਂ ਵਿਨੋਦ ਕੁਮਾਰ ਉਰਫ਼ ਰਾਜੂ ਵਾਸੀ ਮੇਹਰ ਭਟੋਲੀ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਵਿਨੋਦ ਨੇ ਪੁਲਿਸ ਨੂੰ ਦੇਖ ਕੇ ਆਪਣੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਤੇਜ਼ ਕਦਮੀਂ ਰਿਲਾਇੰਸ ਪੈਟਰੋਲ ਪੰਪ ਵੱਲ ਚੱਲ ਪਿਆ। ਸ਼ੱਕ ਦੇ ਅਧਾਰ ’ਤੇ ਉਸ ਨੂੰ ਰੋਕ ਕੇ ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕਥਿਤ ਤੌਰ 'ਤੇ 73 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸ਼ਹਿਰ 'ਚ ਖੁੱਲ੍ਹੇਆਮ ਨਸ਼ਾ ਕਰਦੇ ‘ਨਸ਼ੇੜੀ’ ਚੜ੍ਹੇ ਅੜਿੱਕੇ
ਸਿਟੀ ਪੁਲਿਸ ਹੁਸ਼ਿਆਰਪੁਰ ਨੇ ਗਸ਼ਤ ਦੌਰਾਨ ਲੇਬਰ ਸ਼ੈੱਡ ਨੇੜੇ ਇੱਕ ਨੌਜਵਾਨ ਨੂੰ ਨਸ਼ਾ ਕਰਦੇ ਹੋਏ ਕਾਬੂ ਕੀਤਾ। ਪੁਲਿਸ ਅਨੁਸਾਰ ਅਰਜਨ ਉਰਫ ਲਾਲੂ ਵਾਸੀ ਸਥਾਨਕ ਬਰਫਾਨੀ ਨਗਰ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੋਸ਼ ਲਾਇਆ ਕਿ ਉਸਦੇ ਪਾਸੋਂ ਕਥਿਤ ਤੌਰ ’ਤੇ ਲਾਇਟਰ, ਨਸ਼ੀਲੇ ਪਦਾਰਥ ਨਾਲ ਲੱਗੀ ਪੰਨੀ ਅਤੇ ਰੋਲ ਕੀਤਾ ਨੋਟ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਇੰਡਸਟਰੀਅਲ ਫੋਕਲ ਪੌਇੰਟ ਪੁਰਹੀਰਾਂ ਦੀ ਪੁਲਿਸ ਨੇ ਗਸ਼ਤ ਦੌਰਾਨ ਸੁੰਦਰ ਨਗਰ ਇਲਾਕੇ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਮੋਹਿਤ ਸ਼ਰਮਾ ਵਾਸੀ ਚੱਬੇਵਾਲ ਕਥਿਤ ਤੌਰ ’ਤੇ ਝਾੜੀਆਂ ਦੇ ਨੇੜੇ ਨਸ਼ਾ ਸੇਵਨ ਕਰਦਾ ਮਿਲਿਆ।
ਪੁਲਿਸ ਨੇ ਦੋਸ਼ ਲਾਇਆ ਕਿ ਮੁਲਜ਼ਮ ਲਾਇਟਰ ਅਤੇ ਸਿਲਵਰ ਫੋਇਲ ਦੀ ਮਦਦ ਨਾਲ ਨਸ਼ਾ ਕਰ ਰਿਹਾ ਸੀ। ਪੁਲਿਸ ਨੇ ਕਿਹਾ ਕਿ ਫੜ੍ਹੇ ਗਏ ਸਾਰੇ ਮੁਲਜ਼ਮਾਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।