Hoshiarpur News : ਘਰ 'ਚ ਸੁੱਤੇ ਪਤੀ-ਪਤਨੀ 'ਤੇ ਨਕਾਬਪੋਸ਼ ਲੁਟੇਰਿਆਂ ਦਾ ਹਮਲਾ, ਨਕਦੀ ਲੈ ਕੇ ਫ਼ਰਾਰ
ਟਾਂਡਾ ਰੋਡ 'ਤੇ ਕੋਲਡ ਸਟੋਰੇਜ ਦੇ ਨੇੜੇ ਰਹਿਣ ਵਾਲੇ ਪਵਨ ਅਰੋੜਾ, ਜਿਨ੍ਹਾਂ ਦਾ ਆਪਣੇ ਘਰ ਦੇ ਅਗਲੇ ਹਿੱਸੇ ਵਿੱਚ ਹੀ ਕਨਫੈਕਸ਼ਨਰੀ ਦੀ ਦੁਕਾਨ ਹੈ, ਰਾਤ ਸਮੇਂ ਆਪਣੇ ਪਰਿਵਾਰ ਸਮੇਤ ਸੁੱਤੇ ਹੋਏ ਸਨ। ਤੜਕੇ ਕਰੀਬ 1:30 ਵਜੇ ਦੋ ਅਣਪਛਾਤੇ ਨੌਜਵਾਨ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਘਰ ਦੇ ਅੰਦਰ ਦਾਖਲ ਹੋ ਗਏ।
Publish Date: Mon, 23 Mar 2026 05:49 PM (IST)
Updated Date: Mon, 23 Mar 2026 05:52 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸ਼ਹਿਰ ਦੇ ਟਾਂਡਾ ਰੋਡ 'ਤੇ ਸਥਿਤ ਇੱਕ ਘਰ-ਕਮ-ਕਨਫੈਕਸ਼ਨਰੀ ਦੁਕਾਨ ਨੂੰ ਅੱਧੀ ਰਾਤ ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦਿਆਂ ਸੁੱਤੇ ਹੋਏ ਪਤੀ-ਪਤਨੀ 'ਤੇ ਹਮਲਾ ਕਰ ਦਿੱਤਾ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਸੋਮਵਾਰ ਸਵੇਰੇ ਕਰੀਬ 1:30 ਵਜੇ ਵਾਪਰੀ ਦੱਸੀ ਜਾ ਰਹੀ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ, ਟਾਂਡਾ ਰੋਡ 'ਤੇ ਕੋਲਡ ਸਟੋਰੇਜ ਦੇ ਨੇੜੇ ਰਹਿਣ ਵਾਲੇ ਪਵਨ ਅਰੋੜਾ, ਜਿਨ੍ਹਾਂ ਦਾ ਆਪਣੇ ਘਰ ਦੇ ਅਗਲੇ ਹਿੱਸੇ ਵਿੱਚ ਹੀ ਕਨਫੈਕਸ਼ਨਰੀ ਦੀ ਦੁਕਾਨ ਹੈ, ਰਾਤ ਸਮੇਂ ਆਪਣੇ ਪਰਿਵਾਰ ਸਮੇਤ ਸੁੱਤੇ ਹੋਏ ਸਨ। ਤੜਕੇ ਕਰੀਬ 1:30 ਵਜੇ ਦੋ ਅਣਪਛਾਤੇ ਨੌਜਵਾਨ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਘਰ ਦੇ ਅੰਦਰ ਦਾਖਲ ਹੋ ਗਏ। ਲੁਟੇਰਿਆਂ ਨੇ ਕਮਰੇ ਵਿੱਚ ਸੁੱਤੇ ਹੋਏ ਪਵਨ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਵੰਦਨਾ 'ਤੇ ਖੁੰਢੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਦੇ ਸਿਰ 'ਤੇ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਦੋਸ਼ੀ ਦੁਕਾਨ ਵਿੱਚ ਪਏ ਗੱਲੇ ਵਿੱਚੋਂ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀ ਹਾਲਤ ’ਚ ਦੰਪਤੀ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਸਿਰ 'ਤੇ ਟਾਂਕੇ ਲਗਾ ਕੇ ਅਤੇ ਪੱਟੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਦੋਂ ਇਹ ਵਾਰਦਾਤ ਵਾਪਰੀ, ਉਸ ਸਮੇਂ ਘਰ ਵਿੱਚ ਪਵਨ ਅਰੋੜਾ ਦੀਆਂ ਦੋ ਧੀਆਂ ਅਤੇ ਉਨ੍ਹਾਂ ਦੇ ਪਿਤਾ ਵੀ ਮੌਜੂਦ ਸਨ, ਹਾਲਾਂਕਿ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ।
ਸੂਚਨਾ ਮਿਲਣ ਉਪਰੰਤ ਮਾਡਲ ਟਾਊਨ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਥਾਣਾ ਮਾਡਲ ਟਾਊਨ ਦੇ ਐੱਸਐੱਚਓ ਇੰਸਪੈਕਟਰ ਜੈਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।