ਹੁਸ਼ਿਆਰਪੁਰ : ਪੁਲਿਸ ਨਾਕੇ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ 'ਚ ਸਲਿੱਪ ਹੋਇਆ ਮੋਟਰਸਾਈਕਲ, ਚੋਰੀ ਦੇ ਵਾਹਨ ਸਮੇਤ ਇੱਕ ਕਾਬੂ
ਏ.ਐਸ.ਆਈ. ਕਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਪ੍ਰਾਈਵੇਟ ਗੱਡੀ ਵਿੱਚ ਸਵਾਰ ਹੋ ਕੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿੱਚ ਚੱਕੋਵਾਲ ਬ੍ਰਾਹਮਣਾਂ ਤੋਂ ਪਿੰਡ ਸਾਂਧਰਾ ਰੋਡ 'ਤੇ ਪੈਂਦੇ ਪਿੰਡ ਬੈਂਸਤਾਨੀ ਚੌਕ ਵਿੱਚ ਮੌਜੂਦ ਸਨ। ਇਸੇ ਦੌਰਾਨ ਪਿੰਡ ਸਾਂਧਰਾ ਵੱਲੋਂ ਇੱਕ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ
Publish Date: Mon, 08 Jun 2026 11:11 AM (IST)
Updated Date: Mon, 08 Jun 2026 11:15 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਥਾਣਾ ਬੁਲੋਵਾਲ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਇੱਕ ਬਿਨਾਂ ਨੰਬਰੀ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ 'ਚ ਸਲਿੱਪ ਹੋਇਆ ਮੋਟਰਸਾਈਕਲ
ਪੁਲਿਸ ਅਨੁਸਾਰ, ਏ.ਐਸ.ਆਈ. ਕਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਪ੍ਰਾਈਵੇਟ ਗੱਡੀ ਵਿੱਚ ਸਵਾਰ ਹੋ ਕੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿੱਚ ਚੱਕੋਵਾਲ ਬ੍ਰਾਹਮਣਾਂ ਤੋਂ ਪਿੰਡ ਸਾਂਧਰਾ ਰੋਡ 'ਤੇ ਪੈਂਦੇ ਪਿੰਡ ਬੈਂਸਤਾਨੀ ਚੌਕ ਵਿੱਚ ਮੌਜੂਦ ਸਨ। ਇਸੇ ਦੌਰਾਨ ਪਿੰਡ ਸਾਂਧਰਾ ਵੱਲੋਂ ਇੱਕ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ। ਪੁਲਿਸ ਮੁਤਾਬਕ ਸਾਹਮਣੇ ਪੁਲਿਸ ਪਾਰਟੀ ਨੂੰ ਖੜ੍ਹੀ ਦੇਖ ਕੇ ਮੋਟਰਸਾਈਕਲ ਚਾਲਕ ਯਕਦਮ ਘਬਰਾ ਗਿਆ ਅਤੇ ਨਾਕੇ ਤੋਂ ਬਚਣ ਲਈ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜਨ ਲੱਗਾ। ਇਸੇ ਕਾਹਲੀ ਦੌਰਾਨ ਮੋਟਰਸਾਈਕਲ ਅਚਾਨਕ ਸਲਿੱਪ ਹੋ ਗਿਆ ਅਤੇ ਚਾਲਕ ਸਮੇਤ ਪੱਕੀ ਸੜਕ 'ਤੇ ਜਾ ਡਿੱਗਿਆ, ਜਿਸ ਕਾਰਨ ਉਸ ਦੇ ਮਾਮੂਲੀ ਸੱਟਾਂ ਵੀ ਲੱਗੀਆਂ।
ਸਖ਼ਤੀ ਨਾਲ ਪੁੱਛਗਿੱਛ ਦੌਰਾਨ ਚੋਰੀ ਦੀ ਵਾਰਦਾਤ ਕਬੂਲੀ
ਏ.ਐਸ.ਆਈ. ਕਰਨੈਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਮੌਕੇ 'ਤੇ ਹੀ ਦਬੋਚ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਸਿਕੰਦਰ ਸਿੰਘ ਉਰਫ਼ ਸੰਨੀ ਪੁੱਤਰ ਕੇਵਲ ਸਿੰਘ, ਵਾਸੀ ਪਿੰਡ ਬਾਹਦ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ। ਜਦੋਂ ਪੁਲਿਸ ਵੱਲੋਂ ਉਸ ਦੇ ਕਾਲੇ ਰੰਗ ਦੇ ਹੀਰੋ ਸਪਲੈਂਡਰ ਮੋਟਰਸਾਈਕਲ ਦੇ ਮਾਲਕੀ ਦਸਤਾਵੇਜ਼ ਅਤੇ ਕਾਗਜ਼ਾਤ ਮੰਗੇ ਗਏ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਪੁਲਿਸ ਨੇ ਜਦੋਂ ਉਸ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਕਥਿਤ ਤੌਰ ’ਤੇ ਕਬੂਲਿਆ ਕਿ ਉਸ ਨੇ ਇਹ ਮੋਟਰਸਾਈਕਲ ਮਿਤੀ ਬੀਤੀ 6 ਜੂਨ ਨੂੰ ਹੁਸ਼ਿਆਰਪੁਰ ਬੱਸ ਸਟੈਂਡ ਨੇੜੇ ਸਥਿਤ ਵਿਸ਼ਾਲ ਮੈਗਾ ਮਾਰਟ ਕੋਲੋਂ ਕਥਿਤ ਤੌਰ 'ਤੇ ਚੋਰੀ ਕੀਤਾ ਸੀ। ਮੁਲਜ਼ਮ ਨੇ ਇਹ ਵੀ ਕਥਿਤ ਤੌਰ ’ਤੇ ਮੰਨਿਆ ਕਿ ਪਛਾਣ ਛੁਪਾਉਣ ਲਈ ਉਸ ਨੇ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਉਤਾਰ ਕੇ ਰਸਤੇ ਵਿੱਚ ਇੱਕ ਖੇਤ ਵਿੱਚ ਸੁੱਟ ਦਿੱਤੀਆਂ ਸਨ।
ਪੁਲਿਸ ਨੇ ਕਥਿਤ ਚੋਰੀ ਦੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਸਿਕੰਦਰ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।