ਹੁਸ਼ਿਆਰਪੁਰ 'ਚ ਵਧਿਆ ਲੂ ਦਾ ਖ਼ਤਰਾ, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ; ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਅਤੇ ਲੂ (ਹੀਟ ਵੇਵ) ਚੱਲਣ ਦੀ ਸੰਭਾਵਨਾ ਪ੍ਰਗਟਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਹੁਸ਼ਿਆਰਪੁਰ ਨੇ ਲੋਕਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੱਤੀ ਹੈ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਜੂਨ ਮਹੀਨੇ ਦੌਰਾਨ ਲੂ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ, ਇਸ ਲਈ ਵਿਸ਼ੇਸ਼ ਤੌਰ 'ਤੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਮਜ਼ਦੂਰਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।
Publish Date: Thu, 11 Jun 2026 03:43 PM (IST)
Updated Date: Thu, 11 Jun 2026 03:46 PM (IST)

ਜਾਗਰਣ ਸੰਵਾਦਦਾਤਾ, ਹੁਸ਼ਿਆਰਪੁਰ : ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਧਣ ਅਤੇ ਲੂ (ਹੀਟ ਵੇਵ) ਚੱਲਣ ਦੀ ਸੰਭਾਵਨਾ ਪ੍ਰਗਟਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਹੁਸ਼ਿਆਰਪੁਰ ਨੇ ਲੋਕਾਂ ਨੂੰ ਸਤਰਕ ਰਹਿਣ ਦੀ ਸਲਾਹ ਦਿੱਤੀ ਹੈ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਜੂਨ ਮਹੀਨੇ ਦੌਰਾਨ ਲੂ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ, ਇਸ ਲਈ ਵਿਸ਼ੇਸ਼ ਤੌਰ 'ਤੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਮਜ਼ਦੂਰਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਲੂ ਲੱਗਣ ਦੇ ਮੁੱਖ ਲੱਛਣ: ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ, ਚੱਕਰ ਆਉਣਾ, ਤੇਜ਼ ਸਿਰਦਰਦ, ਉਲਟੀਆਂ, ਬੇਹੋਸ਼ੀ, ਸਾਹ ਲੈਣ ਵਿੱਚ ਤਕਲੀਫ਼ ਅਤੇ ਚਮੜੀ ਦਾ ਸੁੱਕਾ ਤੇ ਲਾਲ ਹੋ ਜਾਣਾ ਲੂ ਲੱਗਣ ਦੇ ਮੁੱਖ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲੂ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ 6 ਬਿਸਤਰਿਆਂ ਵਾਲਾ ਵਿਸ਼ੇਸ਼ 'ਹੀਟ ਸਟ੍ਰੋਕ ਵਾਰਡ' ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਵੱਖ-ਵੱਖ ਵਾਰਡਾਂ ਅਤੇ ਓ.ਪੀ.ਡੀ. (OPD) ਵਿੱਚ ਓ.ਆਰ.ਐੱਸ. (ORS) ਕਾਰਨਰ ਵੀ ਬਣਾਏ ਗਏ ਹਨ ਤਾਂ ਜੋ ਗਰਮੀ ਅਤੇ ਡੀਹਾਈਡ੍ਰੇਸ਼ਨ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ।
ਸਿਹਤ ਵਿਭਾਗ ਨੇ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਧੁੱਪ ਵਿੱਚ ਜਾਣ ਤੋਂ ਬਚਣ, ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ, ਹਲਕੇ ਸੂਤੀ ਕੱਪੜੇ ਪਹਿਨਣ ਅਤੇ ਨਿੰਬੂ ਪਾਣੀ, ਚਾਹਟੀ ਦੀ ਲੱਸੀ ਅਤੇ ਓ.ਆਰ.ਐੱਸ. ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਅਪੀਲ ਕੀਤੀ ਹੈ ਕਿ ਲੂ ਦੇ ਕਿਸੇ ਵੀ ਗੰਭੀਰ ਲੱਛਣ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲਵੋ।
ਸਾਵਧਾਨੀਆਂ
ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਧੁੱਪ ਵਿੱਚ ਬਾਹਰ ਨਾ ਨਿਕਲੋ।
ਬਹੁਤ ਜ਼ਿਆਦਾ ਗਰਮੀ ਦੌਰਾਨ ਰਸੋਈ ਵਿੱਚ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਚੋ।
ਸ਼ਰਾਬ, ਚਾਹ, ਕੌਫ਼ੀ ਅਤੇ ਬਹੁਤ ਜ਼ਿਆਦਾ ਮਿੱਠੇ ਜਾਂ ਗੈਸ ਵਾਲੇ ਕੋਲਡ ਡ੍ਰਿੰਕਸ ਦਾ ਸੇਵਨ ਨਾ ਕਰੋ।
ਤਲੇ-ਭੁੰਨੇ ਅਤੇ ਭਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ।
ਬੱਚਿਆਂ, ਬਜ਼ੁਰਗਾਂ ਅਤੇ ਪਾਲਤੂ ਜਾਨਵਰਾਂ ਨੂੰ ਕਦੇ ਵੀ ਬੰਦ ਖੜ੍ਹੀ ਗੱਡੀ ਵਿੱਚ ਇਕੱਲਾ ਨਾ ਛੱਡੋ।
ਠੰਢੀ ਜਗ੍ਹਾ ਤੋਂ ਅਚਾਨਕ ਤੇਜ਼ ਧੁੱਪ ਵਿੱਚ ਨਾ ਨਿਕਲੋ ਅਤੇ ਨਾ ਹੀ ਤੁਰੰਤ ਬਹੁਤ ਜ਼ਿਆਦਾ ਠੰਢਾ ਪਾਣੀ ਪੀਓ।
ਯਕੀਨੀ ਤੌਰ 'ਤੇ ਕੀ ਕਰੋ
ਹਲਕੇ ਰੰਗ ਦੇ ਸੂਤੀ ਅਤੇ ਢਿੱਲੇ ਕੱਪੜੇ ਪਹਿਨੋ।
ਸਿਰ ਨੂੰ ਟੋਪੀ, ਛੱਤਰੀ, ਪੱਗ, ਦੁਪੱਟੇ ਜਾਂ ਕੱਪੜੇ ਨਾਲ ਢੱਕ ਕੇ ਰੱਖੋ।
ਬਾਹਰ ਜਾਂਦੇ ਸਮੇਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ।
ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓ.ਆਰ.ਐੱਸ. (ORS) ਦਾ ਵੱਧ ਤੋਂ ਵੱਧ ਸੇਵਨ ਕਰੋ।
ਤਰਬੂਜ, ਖੀਰਾ, ਟਮਾਟਰ, ਸੰਤਰਾ, ਅੰਗੂਰ ਅਤੇ ਹੋਰ ਮੌਸਮੀ ਫਲਾਂ ਦਾ ਸੇਵਨ ਵਧਾਓ।
ਧੁੱਪ ਵਿੱਚ ਕੰਮ ਕਰਦੇ ਸਮੇਂ ਸਮੇਂ-ਸਮੇਂ 'ਤੇ ਛਾਂ ਵਿੱਚ ਆਰਾਮ ਕਰੋ।
ਸਨਸਕ੍ਰੀਨ ਲੋਸ਼ਨ ਅਤੇ ਗੂੜ੍ਹੇ ਰੰਗ ਦੀਆਂ ਐਨਕਾਂ (Goggles) ਦੀ ਵਰਤੋਂ ਕਰੋ।