ਜ਼ਿਲ੍ਹੇ ’ਚ ਸੜਕਾਂ ਦੇ ਨਿਰਮਾਣ ’ਤੇ 400 ਕਰੋੜ ਖ਼ਰਚ ਕਰੇਗੀ ਪੰਜਾਬ ਸਰਕਾਰ
ਜਿਲ੍ਹੇ ਅੰਦਰ 1035 ਕਿਲੋਮੀਟਰ ਸੜਕਾਂ ਦੇ ਨਿਰਮਾਣ ’ਤੇ 400 ਕਰੋੜ ਖ਼ਰਚ ਕਰੇਗੀ ਪੰਜਾਬ ਸਰਕਾਰ - ਡਾ.ਰਾਜ ਕੁਮਾਰ ਚੱਬੇਵਾਲ
Publish Date: Thu, 08 Jan 2026 03:35 PM (IST)
Updated Date: Fri, 09 Jan 2026 04:00 AM (IST)

31 ਮਾਰਚ 2026 ਤੱਕ ਕੰਮ ਮੁਕੰਮਲ, ਨਵੀਆਂ ਤੇ ਕੰਕਰੀਟ ਸਮੇਤ 18 ਫੁੱਟ ਚੌੜੀਆਂ ਬਣਨਗੀਆਂ ਸੜਕਾਂ : ਡਾ. ਰਾਜ ਕੁਮਾਰ ਚੱਬੇਵਾਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਜ਼ਿਲ੍ਹਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਦੱਸਿਆ ਕਿ ਜਲਦ ਹੀ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ 1035 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 400 ਕਰੋੜ ਰੁਪਏ ਖ਼ਰਚ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਡਾ. ਚੱਬੇਵਾਲ ਨੇ ਦੱਸਿਆ ਕਿ ਪੀ.ਡਬਲਿਊ.ਡੀ ਰਾਹੀਂ 344 ਕਰੋੜ ਨਾਲ 975 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਵੱਲੋਂ 60.35 ਕਰੋੜ ਖ਼ਰਚ ਕਰਕੇ ਜ਼ਿਲ੍ਹੇ ਵਿੱਚ 74 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਜ਼ਰੂਰਤ ਮੁਤਾਬਿਕ ਜਿੱਥੇ ਨਵੀਆਂ ਸੜਕਾਂ ਦਾ ਨਿਰਮਾਣ ਹੋਵੇਗਾ, ਉੱਥੇ ਹੀ ਕੰਕਰੀਟ ਦੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ ਅਤੇ ਨਾਲ ਹੀ ਕਈ ਸੜਕਾਂ ਨੂੰ 18 ਫੁੱਟ ਚੌੜਾ ਕਰਕੇ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਸੜਕਾਂ ਦੇ ਇਸ ਨੈੱਟਵਰਕ ਦਾ ਕਾਰਜ 31 ਮਾਰਚ 2026 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ। ਵਿਕਾਸ ਦੇ ਇਸ ਵੱਡੇ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਲਈ ਜਿਹੜੀ ਵੀ ਕੰਪਨੀ ਜਿਸ ਵੀ ਸੜਕ ਦਾ ਨਿਰਮਾਣ ਕਰੇਗੀ, ਉਹ ਹੀ ਆਉਣ ਵਾਲੇ 5 ਸਾਲਾਂ ਤੱਕ ਉਸ ਸੜਕ ਦੀ ਰਿਪੇਅਰ ਲਈ ਜ਼ਿੰਮੇਵਾਰ ਵੀ ਹੋਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਲਗਾਤਾਰ ਵਿਕਾਸ ਦੇ ਰਸਤੇ ’ਤੇ ਤੇਜ਼ ਗਤੀ ਨਾਲ ਚੱਲ ਰਿਹਾ ਹੈ ਅਤੇ ਇਸ ਪੂਰੇ ਸਾਲ ਦੌਰਾਨ ਵਿਕਾਸ ਦੇ ਉਹ ਵੱਡੇ ਪ੍ਰੋਜੈਕਟ ਸਰਕਾਰ ਪੂਰੇ ਕਰਨ ਜਾ ਰਹੀ ਹੈ, ਜਿਸ ਬਾਰੇ ਵਿਰੋਧੀ ਪਾਰਟੀਆਂ ਦੀ ਸੋਚ ਵੀ ਨਹੀਂ ਹੈ। ਪੰਜਾਬ ਲੈਂਡ ਲਾਕ ਸਟੇਟ ਹੈ, ਇਸ ਲਈ ਇੱਥੇ ਸੜਕਾਂ ਦਾ ਮਜ਼ਬੂਤ ਨੈੱਟਵਰਕ ਜ਼ਰੂਰੀ ਹੈ। ਹੁਸ਼ਿਆਰਪੁਰ ਦੀ ਤਰਜ਼ ਉੱਪਰ ਹੀ ਸੂਬੇ ਦੇ ਦੂਜੇ ਜ਼ਿਲ੍ਹਿਆਂ ਅੰਦਰ ਵੀ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।