ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ : ਹੈਰੋਇਨ ਤੇ ਡਰੱਗ ਮਨੀ ਸਣੇ 4 ਕਾਬੂ, ਨਸ਼ਾ ਕਰਦੇ ਵੀ ਦਬੋਚੇ
ਥਾਣਾ ਸਿਟੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਮਨਪ੍ਰੀਤ ਸਿੰਘ ਆਪਣੀ ਟੀਮ ਨਾਲ ਪ੍ਰਾਈਵੇਟ ਵਾਹਨ 'ਤੇ ਸਵਾਰ ਹੋ ਕੇ ਘੰਟਾ ਘਰ ਤੋਂ ਸੈਸ਼ਨ ਚੌਂਕ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਕੋਟੂ ਮੋੜ ਨੇੜੇ ਪਹੁੰਚੀ ਤਾਂ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਦੱਸਿਆ ਕਿ ਬੰਦ ਪਏ 'ਰਾਜ ਸਿਨੇਮਾ' ਦੀ ਪੁਰਾਣੀ ਇਮਾਰਤ ਦੇ ਅੰਦਰ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ।
Publish Date: Thu, 04 Jun 2026 10:24 AM (IST)
Updated Date: Thu, 04 Jun 2026 10:31 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਾ ਖੇਤਰਾਂ ਵਿੱਚ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਐਨਡੀਪੀਐਸ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੇਠ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਕਿਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ, ਜਦਕਿ ਕੁਝ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਨਸ਼ੇ ਦੀ ਵਰਤੋਂ ਕਰਦੇ ਜਾਂ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ।
ਖੇਤੀਬਾੜੀ ਭਵਨ ਨੇੜੇ ਹੈਰੋਇਨ ਤੇ ਡਰੱਗ ਮਨੀ ਸਣੇ ਗ੍ਰਿਫ਼ਤਾਰ
ਗੜ੍ਹਸ਼ੰਕਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਗਸ਼ਤ ਦੌਰਾਨ ਇੱਕ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸਰਕਾਰੀ ਗੱਡੀ ਵਿੱਚ ਇਲਾਕੇ 'ਚ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਟੀਮ ਖੇਤੀਬਾੜੀ ਭਵਨ ਗੜ੍ਹਸ਼ੰਕਰ ਨੇੜੇ ਪਹੁੰਚੀ ਤਾਂ ਉੱਥੇ ਮੌਜੂਦ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਰੋਹਿਤ ਭੱਟੀ ਪੁੱਤਰ ਜਸਵੰਤ ਲਾਲ ਵਾਸੀ ਗੜ੍ਹਸ਼ੰਕਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ ਕਥਿਤ ਤੌਰ ’ਤੇ 24.50 ਗ੍ਰਾਮ ਹੈਰੋਇਨ, 116 ਗ੍ਰਾਮ ਨਸ਼ੀਲਾ ਪਾਊਡਰ ਅਤੇ 4,960 ਰੁਪਏ ਦੀ 'ਡਰੱਗ ਮਨੀ' ਬਰਾਮਦ ਹੋਈ।
ਕੱਚੇ ਰਸਤੇ 'ਤੇ ਲੁਕ ਕੇ 'ਫੁਆਇਲ ਪੰਨੀ' ਰਾਹੀਂ ਨਸ਼ਾ ਕਰਦਾ ਪੁਲਿਸ ਨੇ ਦਬੋਚਿਆ
ਪੁਲਿਸ ਮੁਤਾਬਕ ਥਾਣਾ ਮਾਡਲ ਟਾਊਨ ਦੇ ਐਸ.ਆਈ. ਗੁਰਦੀਪ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਥਾਣੇ ਤੋਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਬਸੀ ਜਾਨਾ ਦੇ ਕੱਚੇ ਰਸਤੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਰਸਤੇ ਦੇ ਇੱਕ ਪਾਸੇ ਝਾੜੀਆਂ ਦੀ ਓਟ ਵਿੱਚ ਇੱਕ ਨੌਜਵਾਨ ਲੁਕ-ਛਿਪ ਕੇ ਬੈਠਾ ਸੀ।
ਪੁਲਿਸ ਮੁਤਾਬਕ ਉਕਤ ਨੌਜਵਾਨ ਸਿਲਵਰ ਵਰਕ ਦੀ ਬਣੀ ਪੰਨੀ ਦੇ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਉਸ ਦੇ ਉੱਪਰ ਉੱਡ ਰਹੇ ਨਸ਼ੀਲੇ ਧੂੰਏਂ ਨੂੰ 10 ਰੁਪਏ ਦੇ ਨੋਟ ਨੂੰ ਪਾਈਪ ਵਾਂਗ ਬਣਾ ਉਸ ਨਾਲ ਆਪਣੇ ਅੰਦਰ ਖਿੱਚ ਰਿਹਾ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਮੁਲਜ਼ਮ ਸਰੇਆਮ ਨਸ਼ੇ ਦੀ ਵਰਤੋਂ ਕਰ ਰਿਹਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਬਿਕਰਮ ਪੁੱਤਰ ਨਸੀਬ ਚੰਦ ਵਾਸੀ ਹਰਦੋਖਾਨਪੁਰ ਵਜੋਂ ਹੋਈ। ਪੁਲਿਸ ਨੇ ਮੌਕੇ ਤੋਂ ਕਾਲੀ ਹੋਈ ਸਿਲਵਰ ਪੰਨੀ 10 ਰੁਪਏ ਦੇ ਨੋਟ ਤੋਂ ਬਣਾਈ ਹੋਈ ਪਾਈਪ ਅਤੇ ਇੱਕ ਲਾਈਟਰ ਬਰਾਮਦ ਕਰਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਾਜ ਸਿਨੇਮਾ ਦੀ ਪੁਰਾਣੀ ਇਮਾਰਤ ਨੇੜੇ ਨਸ਼ੇ ਦੀ ਹਾਲਤ 'ਚ ਮਿਲਿਆ ਵਿਅਕਤੀ
ਥਾਣਾ ਸਿਟੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਮਨਪ੍ਰੀਤ ਸਿੰਘ ਆਪਣੀ ਟੀਮ ਨਾਲ ਪ੍ਰਾਈਵੇਟ ਵਾਹਨ 'ਤੇ ਸਵਾਰ ਹੋ ਕੇ ਘੰਟਾ ਘਰ ਤੋਂ ਸੈਸ਼ਨ ਚੌਂਕ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਕੋਟੂ ਮੋੜ ਨੇੜੇ ਪਹੁੰਚੀ ਤਾਂ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਦੱਸਿਆ ਕਿ ਬੰਦ ਪਏ 'ਰਾਜ ਸਿਨੇਮਾ' ਦੀ ਪੁਰਾਣੀ ਇਮਾਰਤ ਦੇ ਅੰਦਰ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਇੱਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ, ਜਿਸ ਨੇ ਆਪਣਾ ਨਾਮ ਰਾਜੇਸ਼ ਕੁਮਾਰ ਪੁੱਤਰ ਗੁਰਦਾਸ ਰਾਮ ਵਾਸੀ ਸਥਾਨਕ ਪਿੱਪਲਾਵਾਲਾ ਦੱਸਿਆ। ਪੁਲਿਸ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਉਸ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਹੈ।
ਜਹਾਨਖੇਲਾ ਅੱਡੇ 'ਤੇ ਪਿਸਤਾ ਰੰਗ ਦਾ ਪਜਾਮਾ ਪਾ ਕੇ ਘੁੰਮ ਰਿਹਾ ਨਸ਼ੇੜੀ ਗ੍ਰਿਫ਼ਤਾਰ
ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਜਹਾਨਖੇਲਾ ਅੱਡੇ ਨੇੜਿਓਂ ਇੱਕ 25 ਸਾਲਾ ਨੌਜਵਾਨ ਨੂੰ ਨਸ਼ੇੜੀ ਹਾਲਤ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ ਵਿੱਚ ਬਜਵਾੜਾ ਤੋਂ ਚੱਕ ਸਾਧੂ ਵੱਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਜਾ ਰਹੀ ਸੀ। ਜਦੋਂ ਪੁਲਿਸ ਜਹਾਨਖੇਲਾ ਦੇ ਨੇੜੇ ਪਹੁੰਚੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅੱਡੇ 'ਤੇ ਇੱਕ ਨੌਜਵਾਨ, ਜਿਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਪਿਸਤਾ ਰੰਗ ਦਾ ਪਜਾਮਾ ਪਾਇਆ ਹੋਇਆ ਹੈ, ਨਸ਼ੇ ਦੀ ਲੋਰ ਵਿੱਚ ਖੜ੍ਹਾ ਹੈ।
ਪੁਲਿਸ ਨੇ ਦੇਰੀ ਨਾ ਕਰਦੇ ਹੋਏ ਤੁਰੰਤ ਜਹਾਨਖੇਲਾ ਅੱਡੇ 'ਤੇ ਦੱਸੀ ਹੋਈ ਦਿੱਖ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਸ਼ੇਖਰ ਕੁਮਾਰ ਉਰਫ਼ ਕਾਕਾ ਪੁੱਤਰ ਪ੍ਰਦੀਪ ਕੁਮਾਰ ਵਾਸੀ ਜਹਾਨਖੇਲਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੇਖਰ ਕਥਿਤ ਤੌਰ ’ਤੇ ਨਸ਼ਾ ਕਰਨ ਦਾ ਆਦੀ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਡੋਪ ਟੈਸਟ ਕਰਵਾਇਆ ਗਿਆ ਜੋ ਪਾਜ਼ੇਟਿਵ ਆਇਆ।