ਗੈਰ-ਕਾਨੂੰਨੀ ਸ਼ਰਾਬ ਦੇ ਖਿਲਾਫ਼ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ
ਗੈਰ-ਕਾਨੂੰਨੀ ਸ਼ਰਾਬ ਦੇ ਖਿਲਾਫ਼ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ
Publish Date: Tue, 21 Apr 2026 05:02 PM (IST)
Updated Date: Wed, 22 Apr 2026 04:01 AM (IST)
- ਮੰਡ ਖੇਤਰਾਂ ’ਚ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਲਾਹਣ ਤੇ ਸ਼ਰਾਬ ਬਰਾਮਦ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਆਬਕਾਰੀ ਵਿਭਾਗ ਵੱਲੋਂ ਗੈਰ-ਕਾਨੂੰਨੀ ਸ਼ਰਾਬ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਕੱਲ ਸਵੇਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਕਸਾਈਜ਼ ਸਰਕਲ ਦਸੂਹਾ ਅਧੀਨ ਸੰਵੇਦਨਸ਼ੀਲ ‘ਮੰਡ’ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਅੰਤਰ-ਜ਼ਿਲ੍ਹਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦਾ ਮਕਸਦ ਗੈਰ-ਕਾਨੂੰਨੀ ਸ਼ਰਾਬ ਦੀ ਤਿਆਰੀ ‘ਤੇ ਰੋਕ ਲਗਾਉਣਾ, ਮਾਲਿਆ ਨੁਕਸਾਨ ਨੂੰ ਰੋਕਣਾ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਇਸ ਮੁਹਿੰਮ ਦੀ ਕੁੱਲ ਨਿਗਰਾਨੀ ਐਸ.ਐਸ.ਪੀ. ਸੰਦੀਪ ਮਲਿਕ ਅਤੇ ਸਹਾਇਕ ਆਬਕਾਰੀ ਕਮਿਸ਼ਨਰ ਹਨੁਵੰਤ ਸਿੰਘ ਵੱਲੋਂ ਕੀਤੀ ਗਈ, ਜਦਕਿ ਮੌਕੇ ‘ਤੇ ਕਾਰਵਾਈ ਦੀ ਅਗਵਾਈ ਆਬਕਾਰੀ ਅਧਿਕਾਰੀ ਹੁਸ਼ਿਆਰਪੁਰ-2 ਪ੍ਰੀਤ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਡੀ.ਐਸ.ਪੀ. ਦਸੂਹਾ ਹਰਗੁਰਦੇਵ ਸਿੰਘ, ਐਸਐਚਓ ਦਸੂਹਾ ਅਮਰਜੀਤ ਕੌਰ, ਐਸਐਚਓ ਤਲਵਾੜਾ ਸਤਪਾਲ ਸਿੰਘ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਇਸ ਸਾਂਝੀ ਅੰਤਰ-ਜ਼ਿਲ੍ਹਾ ਮੁਹਿੰਮ ’ਚ ਹੁਸ਼ਿਆਰਪੁਰ ਆਬਕਾਰੀ ਵਿਭਾਗ, ਗੁਰਦਾਸਪੁਰ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਭਾਗ ਲਿਆ। ਆਬਕਾਰੀ ਟੀਮ ’ਚ ਇੰਸਪੈਕਟਰ ਪਰਵਿੰਦਰ ਕੁਮਾਰ, ਅਜੈ ਕੁਮਾਰ, ਰਸ਼ਪਾਲ ਸਿੰਘ, ਲਵਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਸ਼ਾਮਲ ਰਹੇ, ਜਦਕਿ ਗੁਰਦਾਸਪੁਰ ਰੇਂਜ ਤੋਂ ਇੰਸਪੈਕਟਰ ਦੀਪਕ, ਪੰਕਜ ਗੁਪਤਾ ਅਤੇ ਕਸ਼ਮੀਰ ਸਿੰਘ ਨੇ ਸਹਿਯੋਗ ਦਿੱਤਾ। ਸਹਾਇਕ ਕਮਿਸ਼ਨਰ ਹਨੁਵੰਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਕੱਲ ਸਵੇਰੇ ਲੱਗਭਗ 6 ਵਜੇ ਸ਼ੁਰੂ ਹੋਈ ਅਤੇ ਛੇ ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਇਸ ਦੌਰਾਨ ਬਿਆਸ ਦਰਿਆ ਦੇ ਕਿਨਾਰੇ ਸਥਿਤ ਸੰਵੇਦਨਸ਼ੀਲ ‘ਮੰਡ’ ਖੇਤਰਾਂ, ਖ਼ਾਸ ਕਰਕੇ ਪਿੰਡ ਭੀਖੋਵਾਲ, ਟੇਰਕਿਆਣਾ ਅਤੇ ਸੈਦਪੁਰ ਵਿੱਚ ਵਿਸਥਾਰ ਨਾਲ ਤਲਾਸ਼ੀ ਕੀਤੀ ਗਈ। ਔਖੀਆਂ ਭੂਗੋਲਿਕ ਸਥਿਤੀਆਂ ਅਤੇ ਪਾਣੀ ਦੇ ਸਰੋਤਾਂ ਦੇ ਨੇੜੇ ਹੋਣ ਕਾਰਨ ਇਹ ਇਲਾਕੇ ਗੈਰ-ਕਾਨੂੰਨੀ ਸ਼ਰਾਬ ਬਣਾਉਣ ਲਈ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਕਾਰਵਾਈ ਦੌਰਾਨ ਗੈਰ-ਕਾਨੂੰਨੀ ਸ਼ਰਾਬ ਬਣਾਉਣ ਵਿੱਚ ਵਰਤੀ ਜਾਣ ਵਾਲੀ ਵੱਡੀ ਮਾਤਰਾ ਵਿੱਚ ਸਮੱਗਰੀ ਬਰਾਮਦ ਕੀਤੀ ਗਈ, ਜਿਸਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਬਰਾਮਦ ਸਮੱਗਰੀ ਵਿੱਚ 15 ਟੀਨ, 8 ਲੋਹੇ ਦੇ ਡਰੰਮ, 4 ਚੱਲਦੀਆਂ ਭੱਟੀਆਂ, 5 ਪਲਾਸਟਿਕ ਕੈਨ, 95 ਤ੍ਰਿਪਾਲਾਂ ਵਿੱਚ ਲਗਭਗ 50,000 ਕਿਲੋਗ੍ਰਾਮ ਲਾਹਨ ਅਤੇ 75 ਲੀਟਰ ਅਵੈਧ ਸ਼ਰਾਬ ਸ਼ਾਮਲ ਹੈ।