ਖੁਦਕੁਸ਼ੀ ਲਈ ਉਕਸਾਉਣ ’ਤੇ ਔਰਤ ਖ਼ਿਲਾਫ਼ ਮਾਮਲਾ ਦਰਜ
ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮੇਹਟੀਆਣਾ ਪੁਲਿਸ ਵੱਲੋਂ ਮਹਿਲਾ ਖ਼ਿਲਾਫ਼ ਮਾਮਲਾ ਦਰਜ
Publish Date: Wed, 11 Mar 2026 04:34 PM (IST)
Updated Date: Thu, 12 Mar 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੇਹਟੀਆਣਾ ਥਾਣਾ ਪੁਲਿਸ ਨੇ ਇੱਕ ਮਹਿਲਾ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਕਥਿਤ ਦੋਸ਼ ਹੇਠ ਭਾਰਤੀ ਨਿਆਏ ਸੰਹਿਤਾ ਦੀ ਧਾਰਾ 108 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਮਰਹੂਮ ਸੁਰਿੰਦਰ ਸਿੰਘ ਪਿੰਡ ਢੱਕੋਵਾਲ ਵਿੱਚ ਰਹਿੰਦੀ ਸੀ ਅਤੇ ਉਸ ਨੇ ਗੁਰਨੀਤ ਕੌਰ (12) ਨਾਮ ਦੀ ਇੱਕ ਲੜਕੀ ਨੂੰ ਗੋਦ ਲਿਆ ਹੋਇਆ ਸੀ। ਅਕਤੂਬਰ 2025 ਵਿੱਚ ਕੁਲਵਿੰਦਰ ਕੌਰ ਨੇ ਨਵਾਂ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ। ਇਸ ਦੌਰਾਨ ਕੁਲਵਿੰਦਰ ਕੌਰ ਦੀ ਭੂਆ ਦੀ ਲੜਕੀ ਕੁਲਦੀਪ ਕੌਰ ਪੁੱਤਰੀ ਪਾਖਰ ਸਿੰਘ ਵਾਸੀ ਪਿੰਡ ਚੱਬੇਵਾਲ ਨੇ ਉਸ ਮਕਾਨ ਸਬੰਧੀ ਸੈਸ਼ਨ ਕੋਰਟ ਵਿੱਚ ਸਟੇਅ ਲਈ ਅਪੀਲ ਦਾਇਰ ਕਰ ਦਿੱਤੀ, ਜੋ ਅਜੇ ਅਦਾਲਤ ਵਿੱਚ ਵਿਚਾਰਧੀਨ ਹੈ। ਪੁਲਿਸ ਮੁਤਾਬਕ ਕੁਲਦੀਪ ਕੌਰ ਕਥਿਤ ਤੌਰ ’ਤੇ ਕਈ ਵਾਰ ਪਿੰਡ ਢੱਕੋਵਾਲ ਆ ਕੇ ਕੁਲਵਿੰਦਰ ਕੌਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀ ਸੀ ਅਤੇ ਗਾਲੀ-ਗਲੌਚ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੀ ਸੀ। ਦੋਸ਼ ਹੈ ਕਿ ਕਰੀਬ ਚਾਰ ਦਿਨ ਪਹਿਲਾਂ ਵੀ ਉਹ ਆ ਕੇ ਧਮਕੀਆਂ ਦੇ ਕੇ ਗਈ ਸੀ, ਜਿਸ ਤੋਂ ਬਾਅਦ ਕੁਲਵਿੰਦਰ ਕੌਰ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਪਈ। ਪੁਲਿਸ ਮੁਤਾਬਕ 9 ਮਾਰਚ 2026 ਨੂੰ ਸ਼ਾਮ ਨੂੰ ਕੁਲਵਿੰਦਰ ਕੌਰ ਨੇ ਆਪਣੇ ਘਰ ਦੇ ਕਮਰੇ ਵਿੱਚ ਛੱਤ ਨਾਲ ਚੁੰਨੀ ਬੰਨ੍ਹ ਕੇ ਕਥਿਤ ਤੌਰ ’ਤੇ ਫਾਹਾ ਲੈ ਲਿਆ। ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ, ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਇੱਕ ਕਥਿਤ ਸੁਸਾਈਡ ਨੋਟ ਵੀ ਮਿਲਿਆ ਹੈ। ਪੁਲਿਸ ਮੁਤਾਬਕ ਇਹ ਸੁਸਾਈਡ ਨੋਟ ਕੁਲਵਿੰਦਰ ਕੌਰ ਵੱਲੋਂ ਲਿਖਿਆ ਗਿਆ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਲਿਖਾਈ ਦੀ ਪਹਿਚਾਨ ਉਸ ਦੇ ਭਤੀਜੇ ਹਰਿੰਦਰ ਸਿੰਘ ਵਾਸੀ ਪਿੰਡ ਢੱਕੋਵਾਲ ਨੇ ਕੀਤੀ ਹੈ। ਪੁਲਿਸ ਨੇ ਕਿਹਾ ਕਿ ਕੁਲਦੀਪ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।