ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਣੇ 7 ਕਾਬੂ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 7 ਵਿਅਕਤੀ ਕਾਬੂ; ਹੈਰੋਇਨ ਅਤੇ ਨਸ਼ੀਲੇ ਪਦਾਰਥ ਬਰਾਮਦ
Publish Date: Wed, 11 Mar 2026 03:41 PM (IST)
Updated Date: Thu, 12 Mar 2026 04:00 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਵੱਖ-ਵੱਖ ਥਾਣਿਆਂ ਦੀ ਹੱਦ ਅੰਦਰ ਕਾਰਵਾਈ ਕਰਦਿਆਂ 7 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਹੈਰੋਇਨ, ਡਰਗ ਮਨੀ ਅਤੇ ਨਸ਼ੇ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ ਹੈ। ਥਾਣਾ ਸਦਰ ਪੁਲਿਸ ਅਤੇ ਸੀ.ਆਈ.ਏ ਸਟਾਫ ਨੇ ਸਾਂਝੀ ਕਾਰਵਾਈ ਦੌਰਾਨ ਭੰਗੀ ਚੋਅ ਦੇ ਬੰਨ੍ਹ ਨੇੜੇ ਨਵੀਂ ਬਣ ਰਹੀ ਕਲੋਨੀ ਕੋਲੋਂ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਬਲੈਰੋ ਅਤੇ ਵਰਨਾ ਕਾਰਾਂ ਸਣੇ ਉੱਥੇ ਮੌਜੂਦ ਸਨ ਅਤੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣਨਰੇਸ਼ ਕੁਮਾਰ ਉਰਫ਼ ਮਿੰਨੂ ਪੁੱਤਰ ਬਨਾਰਸੀ ਲਾਲ ਵਾਸੀ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ, ਮਨਜਿੰਦਰ ਸਿੰਘ ਉਰਫ਼ ਮਨੀ ਪੁੱਤਰ ਮੇਜਰ ਸਿੰਘ,ਗੁਰਿੰਦਰ ਸਿੰਘ ਪੁੱਤਰ ਸਰਵਣ ਸਿੰਘ, ਦੋਵੇਂ ਵਾਸੀ ਮਹਿੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸੋਢੀ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਰਾਮਗੜ੍ਹ ਝੂੰਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਡੀ.ਐਸ.ਪੀ ਸਿਟੀ ਦੇਵ ਦੱਤ ਦੀ ਮੌਜੂਦਗੀ ਵਿੱਚ ਹੋਈ ਤਲਾਸ਼ੀ ਦੌਰਾਨ ਨਰੇਸ਼ ਕੁਮਾਰ ਕੋਲੋਂ 260 ਗ੍ਰਾਮ ਹੈਰੋਇਨ ਅਤੇ ਮਨਜਿੰਦਰ ਸਿੰਘ ਕੋਲੋਂ 55,000 ਰੁਪਏ ਦੀ ਡਰੱਗ ਮਨੀ ਕਥਿਤ ਤੌਰ ਤੇ ਬਰਾਮਦ ਹੋਈ। ਮੇਹਟੀਆਣਾ ਪੁਲਿਸ ਨੇ ਪਿੰਡ ਅਹਿਰਾਣਾ ਖੁਰਦ ਵਿਖੇ ਛਾਪੇਮਾਰੀ ਕਰਦਿਆਂ ਰਾਹੁਲ ਵਾਸੀ ਅਹਿਰਾਣਾ ਖੁਰਦ ਨੂੰ ਕਥਿਤ ਤੌਰ ਤੇ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਿਹਾ ਕਿ ਦੋਸ਼ੀ ਸਿਲਵਰ ਫੁਆਇਲ (ਪੰਨੀ) ਅਤੇ ਲਾਈਟਰ ਦੀ ਮਦਦ ਨਾਲ ਨਸ਼ਾ ਕਰ ਰਿਹਾ ਸੀ। ਮੌਕੇ ਤੋਂ ਨਸ਼ੀਲਾ ਪਦਾਰਥ ਲੱਗੀ ਪੰਨੀ, ਲਾਈਟਰ ਅਤੇ ਪਾਈਪ ਬਣਾਇਆ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ। ਥਾਣਾ ਹਰਿਆਣਾ ਦੀ ਪੁਲਿਸ ਨੇ ਜਤਿੰਦਰ ਕੁਮਾਰ ਵਾਸੀ ਸੁਰਾਜਾ ਮੁਹੱਲਾ ਨੂੰ ਬੱਸ ਸਟੈਂਡ ਦੇ ਪਿੱਛੇ ਕਥਿਤ ਤੌਰ ਤੇ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀ ਕੋਲੋਂ ਇੱਕ ਲਾਈਟਰ, ਕਾਲੀ ਹੋਈ ਸਿਲਵਰ ਪੇਪਰ ਅਤੇ ਇੱਕ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ ਹੈ। ਦਸੂਹਾ ਪੁਲਿਸ ਨੇ ਵੇਰਕਾ ਮਿਲਕ ਪਲਾਂਟ ਦੇ ਪੁਲ ਹੇਠਾਂ ਕਾਰਵਾਈ ਕਰਦਿਆਂ ਰਜਿੰਦਰ ਸਿੰਘ ਉਰਫ਼ ਰਾਜੂ ਵਾਸੀ ਬੁੱਧੋ ਬਰਕਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਜਦੋਂ ਟੀਮ ਮੌਕੇ ਤੇ ਪਹੁੰਚੀ ਤਾਂ ਕਥਿਤ ਦੋਸ਼ੀ ਆਪਣੀ ਖੱਬੀ ਬਾਂਹ ਵਿੱਚ ਸਰਿੰਜ ਲਗਾ ਕੇ ਕਥਿਤ ਤੌਰ ਤੇ ਨਸ਼ਾ ਕਰ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਸਾਰੇ ਮਾਮਲਿਆਂ ਵਿੱਚ ਐਨ.ਡੀ.ਪੀ.ਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।