ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ : ਮੇਹਟੀਆਣਾ ਤੇ ਦਸੂਹਾ ਤੋਂ ਤਿੰਨ ਕਾਬੂ
ਹੁਸ਼ਿਆਰਪੁਰ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: ਮੇਹਟੀਆਣਾ ਅਤੇ ਦਸੂਹਾ ਤੋਂ ਤਿੰਨ ਕਾਬੂ
Publish Date: Wed, 18 Feb 2026 03:41 PM (IST)
Updated Date: Thu, 19 Feb 2026 04:00 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਮੁਹਿੰਮ ਤਹਿਤ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਪਾਸੋਂ ਨਸ਼ੀਲਾ ਪਦਾਰਥ, ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਕਿਹਾ ਕਿ ਥਾਣਾ ਮੇਹਟੀਆਣਾ ਦੀ ਟੀਮ ਏਐਸਆਈ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ’ਤੇ ਸੀ। ਇਸ ਦੌਰਾਨ ਪਿੰਡ ਅਹਿਰਾਣਾ ਕਲਾਂ ਤੋਂ ਪਿੰਡ ਅਜੜਾਮ ਵੱਲ ਜਾਂਦੇ ਸਮੇਂ ਰਸਤੇ ਵਿੱਚ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੰਦ ਮੋਟਰ ਦੇ ਕਮਰੇ ਦੇ ਉਹਲੇ ਬੈਠਾ ਦਿਖਾਈ ਦਿੱਤਾ। ਪੁਲਿਸ ਮੁਤਾਬਕ, ਨੌਜਵਾਨ ਕਥਿਤ ਤੋਰ ’ਤੇ ਸਿਲਵਰ ਵਰਕ ਦੀ ਪੰਨੀ ਹੇਠ ਲਾਈਟਰ ਨਾਲ ਅੱਗ ਬਾਲ ਕੇ ਧੂੰਆ ਅੰਦਰ ਖਿੱਚ ਰਿਹਾ ਸੀ। ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਜੀਵਨ ਕੁਮਾਰ ਪੁੱਤਰ ਗੁਰਮੇਲ, ਵਾਸੀ ਪਿੰਡ ਅਜੜਾਮ ਦੱਸਿਆ। ਪੁਲਿਸ ਨੇ ਦੱਸਿਆ ਕਿ ਉਸ ਪਾਸੋਂ ਨਸ਼ੀਲੇ ਪਦਾਰਥ ਨਾਲ ਲੱਗੀ ਪੰਨੀ, ਇੱਕ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਣ ’ਤੇ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਦਸੂਹਾ ਦੀ ਪੁਲਿਸ ਨੇ ਅਜੇ ਪੁੱਤਰ ਸੰਤੋਖ ਸਿੰਘ, ਵਾਸੀ ਕਸਬਾ ਰੋਡ ਸੈਖਾਂ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਹੈ। ਏਐਸਆਈ ਅਨਿਲ ਕੁਮਾਰ ਦੀ ਅਗਵਾਈ ਹੇਠ ਟੀਮ ਚੈਕਿੰਗ ਦੌਰਾਨ ਹਾਜੀਪੁਰ ਰੋਡ ਤੋਂ ਵੇਰਕਾ ਪਲਾਂਟ ਵੱਲ ਜਾ ਰਹੀ ਸੀ, ਜਦੋਂ ਪੁਲਿਸ ਟੀਮ ਪੁਲ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਪੁਲਿਸ ਨੂੰ ਵੇਖ ਕੇ ਖਿਸਕਣ ਲੱਗਾ। ਪੁਲਿਸ ਮੁਤਾਬਕ, ਉਸ ਨੇ ਕਥਿਤ ਤੌਰ ਤੇ ਆਪਣੇ ਪਜਾਮੇ ਦੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕੱਢ ਕੇ ਘਾਹ ਵਿੱਚ ਸੁੱਟ ਦਿੱਤਾ। ਚੈਕ ਕਰਨ ’ਤੇ ਲਿਫਾਫੇ ਵਿੱਚੋਂ 50 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਉਪਰੰਤ ਕੇਸ ਦਰਜ ਕਰ ਲਿਆ ਗਿਆ। ਤੀਜੇ ਮਾਮਲੇ ’ਚ ਦਸੂਹਾ ਪੁਲਿਸ ਨੇ ਗੁਰਦਿਆਲ ਸਿੰਘ ਪੁੱਤਰ ਜਗਦੀਸ਼ ਸਿੰਘ, ਵਾਸੀ ਮੰਡ ਪੰਧੇਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏਐਸਆਈ ਮਹਿੰਦਰ ਸਿੰਘ ਸਮੇਤ ਟੀਮ ਬੱਸ ਸਟੈਂਡ ਦਸੂਹਾ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਪੁਲਿਸ ਨੂੰ ਵੇਖ ਕੇ ਤੇਜ਼ ਕਦਮੀ ਨਾਲ ਤੁਰਨ ਲੱਗਾ। ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਪੁਲਿਸ ਮੁਤਾਬਕ, ਉਸ ਦੀ ਪੈਂਟ ਦੀ ਜੇਬ ਵਿੱਚੋਂ ਇੱਕ ਬਜਨਦਾਰ ਮੋਮੀ ਲਿਫਾਫਾ ਬਰਾਮਦ ਹੋਇਆ। ਚੈਕ ਕਰਨ ’ਤੇ ਉਸ ਵਿੱਚੋਂ 9.28 ਗ੍ਰਾਮ ਨਸ਼ੀਲਾ ਪਦਾਰਥ ਕਥਿਤ ਤੌਰ ਤੇ ਮਿਲਿਆ, ਜਿਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਤਿੰਨਾਂ ਮਾਮਲਿਆਂ ’ਚ ਅਗਲੀ ਜਾਂਚ ਜਾਰੀ ਹੈ ਤੇ ਨਸ਼ੀਲੇ ਪਦਾਰਥਾਂ ਦੇ ਸਰੋਤ ਤੇ ਸਪਲਾਈ ਚੇਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਤਸਕਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।