ਐੱਨਡੀਪੀਐੱਸ ਐਕਟ ਤਹਿਤ ਦੋ ਵਿਅਕਤੀ ਗ੍ਰਿਫ਼ਤਾਰ
ਐਨ.ਡੀ.ਪੀ.ਐਸ. ਐਕਟ ਤਹਿਤ ਦੋ ਵਿਅਕਤੀ ਗ੍ਰਿਫ਼ਤਾਰ, ਨਸ਼ੀਲੀਆਂ ਗੋਲੀਆਂ ਤੇ ਸਰਿੰਜ ਬਰਾਮਦ
Publish Date: Sat, 31 Jan 2026 03:33 PM (IST)
Updated Date: Sun, 01 Feb 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਪਹਿਲੇ ਮਾਮਲੇ ਵਿੱਚ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਦੀ ਪੁਲਿਸ ਨੇ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਨਲੋਈਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਐਸ.ਆਈ. ਸੇਵਾ ਦਾਸ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੁਹੱਲਾ ਬਲਵੀਰ ਕਲੋਨੀ ਦੇ ਟੀ-ਪੁਆਇੰਟ ’ਤੇ ਮੌਜੂਦ ਸੀ, ਜਦੋਂ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਵੱਲੋਂ ਇਤਲਾਹ ਮਿਲੀ ਕਿ ਇੱਕ ਨੌਜਵਾਨ ਨੇ ਪੁਲਿਸ ਨੂੰ ਦੇਖ ਕੇ ਆਪਣੀ ਜੇਬ ਵਿੱਚੋਂ ਇੱਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਸੁੱਟ ਦਿੱਤਾ ਹੈ। ਮੌਕੇ ’ਤੇ ਪੁੱਜ ਕੇ ਪੁਲਿਸ ਨੇ ਸ਼ੱਕ ਦੀ ਬਿਨਾਹ ’ਤੇ ਨੌਜਵਾਨ ਨੂੰ ਕਾਬੂ ਕਰ ਲਿਆ। ਜਾਂਚ ਦੌਰਾਨ ਸੁੱਟੇ ਗਏ ਕਾਲੇ ਰੰਗ ਦੇ ਮੋਮੀ ਲਿਫ਼ਾਫ਼ੇ ਵਿੱਚੋਂ ਕੁੱਲ 110 ਚਿੱਟੇ ਰੰਗ ਦੀਆਂ ਬਿਨਾ ਮਾਰਕਾ ਕਥਿਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੂਜੇ ਮਾਮਲੇ ਵਿੱਚ ਥਾਣਾ ਦਸੂਹਾ ਦੀ ਪੁਲਿਸ ਨੇ ਵਿਨੈ ਕੁਮਾਰ ਵਾਸੀ ਤਲਵਾੜਾ, ਹਾਲ ਵਾਸੀ ਪਿੰਡ ਚੱਕ ਮਹਿਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਐਸ.ਆਈ. ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਧਰਮਪੁਰਾ ਬੱਸ ਸਟਾਪ ਨੇੜੇ ਪੁੱਜੀ ਤਾਂ ਬੱਸ ਸਟਾਪ ਦੇ ਅੰਦਰ ਇੱਕ ਨੌਜਵਾਨ ਕਥਿਤ ਤੌਰ ’ਤੇ ਖੱਬੀ ਬਾਂਹ ਵਿੱਚ ਸਰਿੰਜ ਲਗਾ ਕੇ ਬੈਠਾ ਦਿਖਾਈ ਦਿੱਤਾ।ਪੁਲਿਸ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਨੌਜਵਾਨ ਭੱਜਣ ਲੱਗਾ, ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ ਇੱਕ ਵਰਤੀ ਹੋਈ ਸਰਿੰਜ ਬਰਾਮਦ ਹੋਈ। ਪੁਲਿਸ ਵੱਲੋਂ ਦੋਹਾਂ ਮਾਮਲਿਆਂ ’ਚ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।