ਤੇਜ਼ਧਾਰ ਹਥਿਆਰਾਂ ਨਾਲ 48 ਸਾਲਾ ਵਿਅਕਤੀ ਦਾ ਕਤਲ
ਹੁਸ਼ਿਆਰਪੁਰ: ਬਹਾਦੁਰਪੁਰ ਦੇ ਮੁਹੱਲਾ ਸੈਣੀਆਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ 48 ਸਾਲਾ ਵਿਅਕਤੀ ਦਾ ਕਤਲ
Publish Date: Sun, 25 Jan 2026 07:00 PM (IST)
Updated Date: Mon, 26 Jan 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਬਹਾਦੁਰਪੁਰ ਇਲਾਕੇ ਦੇ ਮੁਹੱਲਾ ਸੈਣੀਆਂ ਵਿੱਚ ਬੀਤੀ ਰਾਤ ਇੱਕ 48 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜੀਵ ਸੈਣੀ (48) ਵਜੋਂ ਹੋਈ ਹੈ, ਜੋ ਨਗਰ ਨਿਗਮ ਵਿੱਚ ਟਿਊਬਵੈੱਲ ਆਪਰੇਟਰ ਦੇ ਅਹੁਦੇ ’ਤੇ ਤਾਇਨਾਤ ਸੀ। ਪੁਲਿਸ ਮੁਤਾਬਕ, ਘਟਨਾ ਬੀਤੀ ਰਾਤ ਕਰੀਬ 8.30 ਵਜੇ ਮੁਹੱਲਾ ਸੈਣੀਆਂ ਵਿੱਚ ਵਾਪਰੀ, ਜਦੋਂ ਰਾਜੀਵ ਸੈਣੀ ਆਪਣੇ ਪੁੱਤਰ ਕਰਿਸ਼ ਸੈਣੀ ਅਤੇ ਚਚੇਰੇ ਭਰਾ ਮੋਹਿਤ ਸੈਣੀ ਸਮੇਤ ਗੁਆਂਢ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਕੁਝ ਵਿਅਕਤੀਆਂ ਵੱਲੋਂ ਹੋ ਰਹੀ ਕੁੱਟਮਾਰ ਨੂੰ ਰੋਕਣ ਲਈ ਅੱਗੇ ਆਏ। ਇਸ ਦੌਰਾਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਰਾਜੀਵ ਸੈਣੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਦਕਿ ਉਸ ਦਾ ਪੁੱਤਰ ਕਰਿਸ਼ ਸੈਣੀ ਵੀ ਜ਼ਖਮੀ ਹੋਇਆ। ਦੋਵਾਂ ਨੂੰ ਤੁਰੰਤ ਸਰਕਾਰੀ ਹਸਪਤਾਲ, ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ। ਰਾਜੀਵ ਸੈਣੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਹੁਸ਼ਿਆਰਪੁਰ ਦੇ ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।