ਦਾਜ਼ ਮੰਗਣ ਤੇ ਤੰਗ ਕਰਨ ਦੇ ਦੋਸ਼ ’ਚ ਪਤੀ ਖਿਲਾਫ ਕੇਸ ਦਰਜ
ਦਾਜ਼ ਮੰਗਣ ਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਸਦਰ ਪੁਲਿਸ ਵੱਲੋਂ ਪਤੀ ਖਿਲਾਫ ਕੇਸ ਦਰਜ
Publish Date: Sun, 25 Jan 2026 03:57 PM (IST)
Updated Date: Mon, 26 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਸਦਰ ਪੁਲਿਸ ਨੇ ਦਾਜ਼ ਮੰਗਣ, ਕੁੱਟਮਾਰ, ਮਾਨਸਿਕ ਤੇ ਸਰੀਰਕ ਤੰਗ ਪ੍ਰੇਸ਼ਾਨੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਲਵੀ, (ਉਮਰ ਕਰੀਬ 33 ਸਾਲ), ਪੁੱਤਰੀ ਸ੍ਰੀ ਬਹਾਦਰ ਸਿੰਘ, ਵਾਸੀ ਕੋਟਲਾ ਗੋਂਸਪੁਰ, ਦਾ ਵਿਆਹ 12ਜੁਲਾਈ 2025 ਨੂੰ ਸਚਿਨ, ਪੁੱਤਰ ਵਰਿੰਦਰ ਠਾਕੁਰ, ਵਾਸੀ ਦੌਲਤਪੁਰ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਉਸਦੇ ਪਤੀ ਵੱਲੋਂ ਕਥਿਤ ਤੌਰ ’ਤੇ ਹੋਰ ਦਾਜ਼ ਦੀ ਮੰਗ ਲਈ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਪੁਲਿਸ ਮੁਤਾਬਕ ਪਤੀ ਵੱਲੋਂ ਕਥਿਤ ਕੁੱਟਮਾਰ, ਨਸ਼ਾ ਕਰਕੇ ਹਿੰਸਕ ਵਰਤਾਓ, ਮਾਨਸਿਕ, ਸਰੀਰਕ ਅਤੇ ਦਿਮਾਗੀ ਤੌਰ ’ਤੇ ਤੰਗ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।