ਗੈਰ-ਕਾਨੂੰਨੀ ਦੇਸੀ ਪਿਸਟਲ ਸਮੇਤ ਇਕ ਕਾਬੂ
ਦਸੂਹਾ ਪੁਲਿਸ ਵੱਲੋਂ ਗੈਰ-ਕਾਨੂੰਨੀ ਦੇਸੀ ਪਿਸਟਲ ਸਮੇਤ ਇਕ ਕਥਿਤ ਵਿਅਕਤੀ ਕਾਬੂ
Publish Date: Sun, 25 Jan 2026 03:55 PM (IST)
Updated Date: Mon, 26 Jan 2026 04:01 AM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਕਥਿਤ ਗੈਰ-ਕਾਨੂੰਨੀ ਹਥਿਆਰ ਸਮੇਤ ਕਾਬੂ ਕਰਕੇ ਉਸ ਦੇ ਖਿਲਾਫ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਏ.ਐਸ.ਆਈ. ਗੁਰਬਚਨ ਸਿੰਘ ਪੁਲਿਸ ਪਾਰਟੀ ਸਮੇਤ ਐਸ.ਡੀ.ਐਮ. ਚੌਕ ਦਸੂਹਾ ਤੋਂ ਹੁਸ਼ਿਆਰਪੁਰ ਚੂੰਗੀ ਵੱਲ ਗਸ਼ਤ ਤੇ ਚੈਕਿੰਗ ਲਈ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਬੀ.ਐਸ.ਐਨ.ਐਲ. ਦਫ਼ਤਰ ਨੇੜੇ ਪਹੁੰਚੀ ਤਾਂ ਖੱਬੇ ਪਾਸੇ ਝਾੜੀਆਂ ਵਿੱਚ ਇੱਕ ਵਿਅਕਤੀ ਖੜਾ ਹੋਇਆ ਦਿਖਾਈ ਦਿੱਤਾ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਵਿਅਕਤੀ ਨੂੰ ਕਾਬੂ ਕਰਕੇ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਗੋਬਿੰਦ ਕੁਮਾਰ ਸੱਭਰਵਾਲ ਉਰਫ ਗੋਦੀ, ਪੁੱਤਰ ਸੁਦੇਸ਼ ਕੁਮਾਰ, ਵਾਸੀ ਗੜਦੀਵਾਲਾ ਦੱਸਿਆ। ਤਲਾਸੀ ਦੌਰਾਨ ਪੁਲਿਸ ਨੇ ਗੋਬਿੰਦ ਕਮਾਰ ਸੱਭਰਵਾਲ ਦੇ ਪਾਸੋਂ ਇੱਕ ਕਥਿਤ ਗੈਰ-ਕਾਨੂੰਨੀ ਦੇਸੀ ਪਿਸਟਲ ਅਤੇ ਦੋ ਜਿੰਦੇ ਰੌਂਦ ਬਰਾਮਦ ਕੀਤੇ। ਇਸ ਸਬੰਧ ਵਿੱਚ ਦਸੂਹਾ ਥਾਣੇ ਵਿੱਚ ਮੁਲਜ਼ਮ ਦੇ ਖਿਲਾਫ ਸੰਬੰਧਤ ਧਾਰਾਵਾਂ ਅਧੀਨ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ, ਤਾਂ ਜੋ ਹਥਿਆਰ ਦੇ ਸਰੋਤ ਅਤੇ ਉਸ ਦੇ ਸੰਭਾਵਿਤ ਅਪਰਾਧਿਕ ਸੰਬੰਧਾਂ ਬਾਰੇ ਪਤਾ ਲਗਾਇਆ ਜਾ ਸਕੇ।