ਐੱਨਡੀਪੀਐੱਸ ਐਕਟ ਤਹਿਤ ਨੌਜਵਾਨ ਗ੍ਰਿਫ਼ਤਾਰ
ਮੇਹਟੀਆਣਾ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਨੌਜਵਾਨ ਗ੍ਰਿਫ਼ਤਾਰ
Publish Date: Sun, 25 Jan 2026 03:53 PM (IST)
Updated Date: Mon, 26 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਮੇਹਟੀਆਣਾ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਕਥਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਉਂਕਾਰ ਸਿੰਘ ਸਾਥੀ ਕਰਮਚਾਰੀਆਂ ਸਮੇਤ ਪਿੰਡ ਫੁਗਲਾਣਾ ਤੋਂ ਹੁੰਦੇ ਹੋਏ ਅਹਿਰਾਣਾ ਕਲਾਂ ਵੱਲ ਗਸ਼ਤ ਤੇ ਚੈਕਿੰਗ ਲਈ ਜਾ ਰਹੇ ਸਨ। ਇਸ ਦੌਰਾਨ ਬਿੱਲੇ ਦੇ ਭੱਠੇ ਸਾਹਮਣੇ ਸ਼ੈਡ ਦੀ ਓਟ ਵਿੱਚ ਸੱਜੇ ਪਾਸੇ ਇੱਕ ਮੋਨਾ ਨੌਜਵਾਨ ਨੂੰ ਕਥਿਤ ਤੌਰ ’ਤੇ ਸਿਲਵਰ ਵਰਕ ਦੀ ਬਣੀ ਪੰਨੀ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ 10 ਰੁਪਏ ਦੇ ਨੋਟ ਨਾਲ ਬਣੀ ਪਾਈਪ ਨੁਮਾ ਵਸਤੂ ਰਾਹੀਂ ਉੱਡ ਰਹੇ ਧੂੰਏ ਨੂੰ ਅੰਦਰ ਖਿੱਚਦੇ ਦੇਖਿਆ ਗਿਆ। ਪੁਲਿਸ ਨੇ ਉਸ ਨੌਜਵਾਨ ਨੂੰ ਕਾਬੂ ਕਰਕੇ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਜਤਿੰਦਰ ਵਾਸੀ ਅਹਿਰਾਣਾ ਖੁਰਦ ਦੱਸਿਆ। ਇਸ ਸਬੰਧ ਵਿੱਚ ਥਾਣਾ ਮੇਹਟੀਆਣਾ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।