ਮੋਟਰਸਾਈਕਲ ਸਵਾਰ ਨਾਲ ਖੋਹ ਕਰਨ ਲੱਗੇ ਲੁਟੇਰਿਆਂ ’ਚੋਂ 1 ਕਾਬੂ, 2 ਫ਼ਰਾਰ
ਮੋਟਰਸਾਈਕਲ ਸਵਾਰ ਨਾਲ ਖੋਹ ਕਰਨ ਲੱਗੇ ਲੁਟੇਰਿਆਂ ਚੋਂ ਇਕ ਕਾਬੂ , ਦੋ ਫ਼ਰਾਰ
Publish Date: Tue, 10 Mar 2026 07:35 PM (IST)
Updated Date: Wed, 11 Mar 2026 04:12 AM (IST)

ਖਿੱਚ-ਧੂਹ ਦੌਰਾਨ ਮੋਟਰਸਾਈਕਲ ਸਵਾਰ ਔਰਤ ਤੇ 4 ਸਾਲਾ ਬੱਚਾ ਗੰਭੀਰ ਜ਼ਖਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਮੰਗਲਵਾਰ ਦੁਪਹਿਰ ਇੱਕ ਮੋਟਰਸਾਈਕਲ ’ਤੇ ਸਵਾਰ 3 ਅਣਪਛਾਤੇ ਲੁਟੇਰਿਆਂ ਵੱਲੋਂ ਗੁਰਦੁਆਰਾ ਸਾਹਿਬ ਪੁਲ ਪੁਖਤਾ ਵਿਖੇ ਮੱਥਾ ਟੇਕਣ ਜਾ ਰਹੇ ਮੋਟਰਸਾਈਕਲ ਸਵਾਰ ਇੱਕ ਰੇਲਵੇ ਵਿਭਾਗ ਦੇ ਮੁਲਾਜ਼ਮ ਦੇ ਪਰਿਵਾਰ ਨਾਲ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਉਸ ਦੀ ਪਤਨੀ ਤੇ ਬੱਚਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਮੌਕੇ ’ਤੇ ਰੇਲਵੇ ਮੁਲਾਜ਼ਮ ਵਲੋਂ ਰਾਹਗੀਰਾਂ ਦੀ ਮਦਦ ਨਾਲ ਲੁਟੇਰਿਆਂ ਦਾ ਪਿੱਛਾ ਕਰ ਕੇ ਇੱਕ ਲੁਟੇਰਾ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਤੇ ਦੋ ਲੁਟੇਰੇ ਭੱਜਣ ’ਚ ਸਫਲ ਹੋ ਗਏ। ਲੋਕਾਂ ਵਲੋਂ ਕਾਬੂ ਕੀਤੇ ਲੁਟੇਰੇ ਨੂੰ ਟਾਂਡਾ ਪੁਲਿਸ ਹਵਾਲੇ ਕਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਉਹ ਉਤਰ ਪ੍ਰਦੇਸ਼ ’ਚ ਰੇਲਵੇ ਵਿਭਾਗ ’ਚ ਨੌਕਰੀ ਕਰਦਾ ਹੈ ਤੇ ਉਹ ਪਿਛਲੇ ਦਿਨਾਂ ਤੋਂ ਆਪਣੇ ਸਹੁਰੇ ਟਾਂਡਾ ਉੜਮੁੜ ਵਿਖੇ ਪਰਿਵਾਰ ਸਮੇਤ ਮਿਲਣ ਆਇਆ ਹੈ। ਮੰਗਲਵਾਰ ਦੁਪਹਿਰ ਉਹ ਆਪਣੀ ਪਤਨੀ ਤੇ ਚਾਰ ਸਾਲਾਂ ਬੱਚੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰਾ ਪੁਲ ਪੁਖਤਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਜਦੋਂ ਉਹ ਟਾਂਡਾ ਸ੍ਰੀ ਹਰਗੋਬਿੰਦਪੁਰ ਸਾਹਿਬ ਮੁੱਖ ਸੜਕ ’ਤੇ ਪੈਂਦੇ ਪਿੰਡ ਗਿੱਲਾਂ ਦੇ ਮੋੜ ਨੇੜਿਓਂ ਪਹੁੰਚਿਆ ਤਾਂ ਪਿੱਛਿਓ ਆਏ 3 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀ ਮੋਟਰਸਾਈਕਲ ’ਤੇ ਬੈਠੀ ਪਤਨੀ ਦੀ ਗਲ ’ਚ ਪਾਈ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਖਿੱਚ-ਧੂਹ ’ਚ ਉਸ ਦੀ ਪਤਨੀ ਬੱਚੇ ਸਮੇਤ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਈ ਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਮੌਕੇ ਰੌਲਾ ਪਾਉਣ ’ਤੇ ਉਸ ਨਾਲ ਰਾਹਗੀਰਾਂ ਇਕੱਠੇ ਹੋ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਇੱਕ ਲੁਟੇਰੇ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ, ਜਦਕਿ ਦੋ ਲੁਟੇਰੇ ਭੱਜਣ ਵਿੱਚ ਸਫਲ ਹੋ ਗਿਆ। ਮੌਕੇ ’ਤੇ ਪਹੁੰਚੀ ਟਾਂਡਾ ਪੁਲਿਸ ਨੇ ਲੋਕਾਂ ਵੱਲੋਂ ਕਾਬੂ ਕੀਤੇ ਲੁਟੇਰੇ ਨੂੰ ਗ੍ਰਿਫਤਾਰ ਕਰ ਕੇ ਥਾਣਾ ਟਾਂਡਾ ਲੈਣ ਗਏ ਤੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।