ਪਿੰਡ ਅਤਵਾਰਾਪੁਰ ‘ਚ ਇੱਕ 66 ਸਾਲਾ ਬਜੁਰਗ ਦਾ ਹੋਇਆ ਕਤਲ
ਪਿੰਡ ਅਤਵਾਰਾਪੁਰ ‘ਚ ਇੱਕ 66 ਸਾਲਾ ਬਜੁਰਗ ਦਾ ਹੋਇਆ ਕਤਲ
Publish Date: Wed, 14 Jan 2026 03:39 PM (IST)
Updated Date: Wed, 14 Jan 2026 03:42 PM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ : ਥਾਣਾ ਹਰਿਆਣਾ ਪੁਲਿਸ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਦੇ ਸਬੰਧ ‘ਚ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ‘ਚ ਮ੍ਰਿਤਕ ਦੇ ਜਵਾਈ ਅਸ਼ਨੀ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਸ਼ਾਮ ਚੁਰਾਸੀ ਥਾਣਾ ਬੁੱਲੋਵਾਲ ਨੇ ਦੱਸਿਆ ਕਿ ਮੇਰਾ ਸੁਹਰਾ ਜੋ ਕਿ ਪਹਿਲਾ ਰੰਗ ਦਾ ਕੰਮ ਕਰਦਾ ਸੀ ਤੇ ਬਾਅਦ ’ਚ ਪਿੰਡ ਅਤਵਾਰਾਪੁਰ (ਸੰਤ ਬਾਬਾ ਗੁਰਬਚਨ ਦਾਸ ਜੀ ਦੀ ਕੁਟੀਆ) ਅਸਥਾਨ ਤੇ ਕਰੀਬ 14-15 ਸਾਲ ਤੋਂ ਸੇਵਾਦਾਰ ਵਜੋਂ ਸੇਵਾ ਕਰ ਰਹੇ ਸੀ। ਉਸਨੇ ਦੱਸਿਆ ਕਿ ਮੈਨੂੰ ਫੋਨ ’ਤੇ ਸੂਚਨਾ ਮਿਲੀ ਕਿ ਮੇਰਾ ਸੁਹਰਾ ਜੀਵਨ ਕੁਮਾਰ ਕੁੱਟੀਆ ਵਿੱਚ ਨਹੀਂ ਹੈ ਤਾਂ ਮੈਂ ਉੱਥੇ ਦੀਪੀ ਨਾਮ ਦੇ ਵਿਅਕਤੀ ਨੂੰ ਫੋਨ ਕਰਕੇ ਆਪਣੇ ਸਹੁਰੇ ਜੀਵਨ ਕੁਮਾਰ ਦੀ ਭਾਲ ਕਰਨ ਲਈ ਕਿਹਾ ਪਰ ਜਦੋਂ ਜੰਗਲ ਵਿੱਚ ਆਲੇ ਦੁਆਲੇ ਭਾਲ ਕਰਨ ’ਤੇ ਉਸਨੂੰ ਮੇਰੇ ਸੁਹਰੇ ਬਾਰੇ ਕੁੱਝ ਨਹੀ ਪਤਾ ਲੱਗਾ। ਦੀਪੀ ਨੇ ਮੈਨੂੰ ਦੱਸਿਆ ਕਿ 12 ਜਨਵਰੀ ਨੂੰ ਸ਼ਾਮ 5 ਕੁ ਵਜੇ ਮਨਵੀਰ ਸਿੰਘ ਉਰਫ ਮੰਨਾ ਪੁੱਤਰ ਅਮਰਨਾਥ ਵਾਸੀ ਰਾਏਪੁਰ ਨੇੜੇ ਸ਼ਾਮ ਚੁਰਾਸੀ ਜੋ ਕਿ ਪਹਿਲਾਂ ਵੀ ਕੁਟੀਆ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਜਿਸ ਨੂੰ ਉਸਨੇ ਕੁਟੀਆ ਤੋਂ ਜਾਂਦੇ ਦੇਖਿਆ ਸੀ। ਮੇਰੇ ਕਹਿਣ ਤੇ ਦੀਪੀ ਅਤੇ ਉਸਦੇ ਇੱਕ ਹੋਰ ਸਾਥੀ ਨੇ ਮਿਲ ਕੇ ਕੁਟੀਆ ‘ਚ ਰਿਹਾਇਸ਼ੀ ਕਮਰੇ ਦਾ ਤਾਲਾ ਤੋੜ ਕੇ ਸਾਨੂੰ ਦੱਸਿਆ ਕਿ ਮੇਰੇ ਸੁਹਰੇ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ ’ਤੇ ਪਈ ਹੈ। ਜਦੋਂ ਮੈਂ ਆਪਣੀ ਪਤਨੀ ਅਮਨਦੀਪ ਕੌਰ ਨੂੰ ਨਾਲ ਲੈ ਕੇ ਅਤਵਾਰਾਪੁਰ ਗਿਆ ਤਾਂ ਉਕਤ ਕਮਰੇ ‘ਚ ਮੇਰੇ ਸੁਹਰੇ ਜੀਵਨ ਕੁਮਾਰ ਦੀ ਲਾਸ਼ ਪਈ ਹੋਈ ਸੀ ਅਤੇ ਉਨ੍ਹਾਂ ਦਾ ਮੋਬਾਇਲ ਵੀ ਗਾਇਬ ਸੀ। ਉਸਨੇ ਕਿਹਾ ਕਿ ਉਸਨੂੰ ਯਕੀਨ ਹੈ ਕਿ ਪੈਸਿਆਂ ਦੇ ਲਾਲਚ ‘ਚ ਉਪਰੋਕਤ ਮਨਬੀਰ ਸਿੰਘ ਉਰਫ ਮੰਨਾ ਵਲੋਂ ਮੇਰੇ ਸੁਹਰੇ ਦੀ ਸਿਰ ‘ਚ ਸੱਟ ਮਾਰ ਕੇ ਹੱਤਿਆ ਕੀਤੀ ਗਈ ਹੈ। ਥਾਣਾ ਹਰਿਆਣਾ ਪੁਲਿਸ ਵੱਲੋਂ ਉਕਤ ਬਿਆਨਾ ਦੇ ਅਧਾਰ ਤੇ ਦੋਸ਼ੀ ਖਿਲਾਫ ਭਾਰਤੀਯ ਨਿਆਏ ਸਹਿਤ 2023 ਦੀ ਧਾਰਾ 103 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।