ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
Publish Date: Sun, 11 Jan 2026 07:55 PM (IST)
Updated Date: Mon, 12 Jan 2026 04:16 AM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ: ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ਅੱਡਾ ਕੰਗ ਮਾਈ ਤੇ ਵਾਪਰੇ ਸੜਕ ਹਾਦਸੇ ਵਿਚ ਇੱਕ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਇੰਦਰਜੀਤ (29 ਸਾਲ) ਪੁੱਤਰ ਸੋਮਰਾਜ ਵਾਸੀ ਬੇਰਛਾ ਤਹਿਸੀਲ ਦਸੂਹਾ, ਜੋ ਕਿ ਸਵਿਤਰੀ ਪਲਾਈਵੁੱਡ ਫੈਕਟਰੀ ਵਿੱਚ ਵੈਲਡਿਗ ਦਾ ਕੰਮ ਕਰਦਾ ਸੀ। ਬੀਤੀ ਦੇਰ ਰਾਤ ਉਹ ਫੈਕਟਰੀ ਤੋਂ ਕੰਮ ਕਰਨ ਉਪਰੰਤ ਆਪਣੇ ਪਿੰਡ ਬੇਰਛਾ ਨੂੰ ਆਪਣੇ ਮੋਟਰਸਾਈਕਲ ਨੰਬਰ ਪੀਬੀ 070 ਕਿਊ 6645 ’ਤੇ ਵਾਪਸ ਜਾ ਰਿਹਾ ਸੀ। ਜਦ ਉਹ ਅੱਡਾ ਕੰਗ ਮਾਈ ਨਜ਼ਦੀਕ ਪਹੁੰਚਿਆਂ ਤਾਂ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਇੰਦਰਜੀਤ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਬਾਰੇ ਪਤਾ ਲੱਗਣ ’ਤੇ ਥਾਣਾ ਹਰਿਆਣਾ ਦੇ ਏਐੱਸਆਈ ਗੁਰਚਰਨ ਸਿੰਘ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ 9 ਵਜੇ ਦੇ ਕਰੀਬ ਹੁਸ਼ਿਆਰਪੁਰ ਕੰਟਰੋਲ ਰੂਮ ਤੋਂ ਐਕਸੀਡੈਂਟ ਸਬੰਧੀ ਫੋਨ ਆਇਆ ਸੀ। ਇਸ ਸਬੰਧੀ ਉਹ ਘਟਨਾ ਵਾਲੇ ਸਥਾਨ ’ਤੇ ਪਹੁੰਚੇ ਤੇ ਵ੍ਹੀਕਲ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।