ਹੁਸ਼ਿਆਰਪੁਰ ’ਚ ਨਸ਼ੇੜੀਆਂ ਤੇ ਤਸਕਰਾਂ ’ਤੇ ਪੁਲਸ ਦੀ ਵੱਡੀ ਕਾਰਵਾਈ: ਮਹਿਲਾ ਸਮੇਤ 8 ਨਸ਼ਾ ਤਸਕਰ ਚੜ੍ਹੇ ਅੜਿੱਕੇ
ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਾਰਵਾਈ ਕਰਦਿਆਂ ਇਕ ਮਹਿਲਾ ਸਮੇਤ ਕੁੱਲ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Mon, 08 Jun 2026 11:02 AM (IST)
Updated Date: Mon, 08 Jun 2026 11:06 AM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਕਾਰਵਾਈ ਕਰਦਿਆਂ ਇਕ ਮਹਿਲਾ ਸਮੇਤ ਕੁੱਲ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਲਾਸਟਿਕ ਦੇ ਬੋਰੇ 'ਚੋਂ 12 ਕਿੱਲੋ ਡੋਡੇ ਚੂਰਾ ਪੋਸਤ ਸੁੱਟ ਕੇ ਭੱਜ ਰਹੀ ਮਹਿਲਾ ਕਾਬੂ
ਪੁਲਿਸ ਮੁਤਾਬਕ, ਟਾਂਡਾ ਪੁਲਿਸ ਦੇ ਐਚ.ਸੀ. ਜਸਪ੍ਰੀਤ ਸਿੰਘ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਜਾਜਾ ਤੋਂ ਝਾਵਾ ਸਾਈਡ ਵੱਲ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਜਾਜਾ ਕਲੋਨੀ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਮਹਿਲਾ ਆਪਣੇ ਸੱਜੇ ਹੱਥ ਵਿੱਚ ਪਲਾਸਟਿਕ ਦਾ ਬੋਰਾ ਚੁੱਕੀ ਆਉਂਦੀ ਦਿਖਾਈ ਦਿੱਤੀ।
ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਉਕਤ ਮਹਿਲਾ ਯਕਦਮ ਘਬਰਾ ਗਈ ਅਤੇ ਉਸ ਨੇ ਹੱਥ ਵਿੱਚ ਫੜਿਆ ਬੋਰਾ ਸੜਕ ਕਿਨਾਰੇ ਸੁੱਟ ਦਿੱਤਾ ਤੇ ਪਿੱਛੇ ਨੂੰ ਮੁੜਨ ਲੱਗੀ। ਮੁਸਤੈਦੀ ਵਰਤਦਿਆਂ ਪੁਲਿਸ ਨੇ ਲੇਡੀ ਪੁਲਿਸ ਫੋਰਸ ਦੀ ਮਦਦ ਨਾਲ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਜੋਤੀ ਪਤਨੀ ਬਲਵਿੰਦਰ ਸਿੰਘ, ਵਾਸੀ ਜਾਜਾ ਕਲੋਨੀ, ਟਾਂਡਾ ਵਜੋਂ ਦੱਸੀ। ਜਦੋਂ ਪੁਲਿਸ ਵੱਲੋਂ ਸੁੱਟੇ ਗਏ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 12 ਕਿੱਲੋ ਡੋਡੇ ਚੂਰਾ ਪੋਸਤ ਕਥਿਤ ਤੌਰ ’ਤੇ ਬਰਾਮਦ ਹੋਇਆ। ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਪਰਿਵਾਰ ਨੇ ਖ਼ੁਦ ਹੀ ਨਸ਼ੇੜੀ ਪੁੱਤ ਨੂੰ ਕੀਤਾ ਪੁਲਿਸ ਹਵਾਲੇ; ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਮਾਮਲਾ ਦਰਜ
ਪੁਲਿਸ ਅਨੁਸਾਰ, ਇੱਕ ਹੋਰ ਮਾਮਲੇ ਵਿੱਚ ਟਾਂਡਾ ਦੇ ਅਧੀਨ ਆਉਂਦੀ ਚੌਕੀ ਬਸਤੀ ਬੋਹੜਾ ਦੇ ਇੰਚਾਰਜ ਏ.ਐਸ.ਆਈ. ਰਾਜਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਚੌਕੀ ਵਿੱਚ ਹਾਜ਼ਰ ਸਨ। ਇਸੇ ਦੌਰਾਨ ਪਿੰਡ ਟਾਹਲੀ ਦੇ ਰਹਿਣ ਵਾਲੇ ਰੋਹਿਤ ਸਿੰਘ ਪੁੱਤਰ ਮਾਨ ਸਿੰਘ ਦੇ ਪਰਿਵਾਰਕ ਮੈਂਬਰਾ ਨੇ ਉਸ ਨੂੰ ਖ਼ੁਦ ਚੌਕੀ ਲੈ ਕੇ ਆਏ ਅਤੇ ਪੁਲਿਸ ਦੇ ਸਾਹਮਣੇ ਪੇਸ਼ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਰੋਹਿਤ ਸਿੰਘ ਕਥਿਤ ਤੌਰ 'ਤੇ ਨਸ਼ਾ ਕਰਨ ਦਾ ਆਦੀ ਹੋ ਚੁੱਕਾ ਹੈ ਅਤੇ ਆਪਣੀ ਜ਼ਿੰਦਗੀ ਖ਼ਰਾਬ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਰੋਹਿਤ ਸਿੰਘ ਨੂੰ ਸਿਵਲ ਹਸਪਤਾਲ ਟਾਂਡਾ ਵਿਖੇ ਲਿਜਾਇਆ ਗਿਆ, ਜਿੱਥੇ ਉਸ ਦਾ ਮੈਡੀਕਲ ਡੋਪ ਟੈਸਟ ਕਰਵਾਇਆ ਗਿਆ। ਡਾਕਟਰਾਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਰੋਹਿਤ ਸਿੰਘ ਦਾ ਡੋਪ ਟੈਸਟ ਪਾਜ਼ੇਟਿਵ ਆਇਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਹੈ।
ਝਾੜੀਆਂ ਓਹਲੇ ਬੈਠ ਕੇ ਲਾਈਟਰ ਤੇ 10 ਰੁਪਏ ਦੇ ਨੋਟ ਨਾਲ ਨਸ਼ਾ ਖਿੱਚਦਾ ਨੌਜਵਾਨ ਰੰਗੇ ਹੱਥੀਂ ਗ੍ਰਿਫ਼ਤਾਰ
ਥਾਣਾ ਮਾਡਲ ਟਾਊਨ ਦੇ ਐੱਸ.ਆਈ. ਸ਼ਮਸ਼ੇਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਾਹਨਾਂ ਅਤੇ ਪੁਰਸ਼ਾਂ ਦੀ ਚੈਕਿੰਗ ਦੌਰਾਨ ਟੀ-ਪੁਆਇੰਟ ਭਗਤ ਨਗਰ ਤੋਂ ਹੁੰਦੇ ਹੋਏ ਵਣ ਵਿਭਾਗ ਦੇ ਦਫ਼ਤਰ (ਬਸੀ ਜਾਨਾਂ) ਦੇ ਪਿੱਛੋਂ ਜਾਂਦੇ ਕੱਚੇ ਰਸਤੇ ਰਾਹੀਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸਨ ਤਾਂ ਰਸਤੇ ਦੇ ਸੱਜੇ ਪਾਸੇ ਝਾੜੀਆਂ ਦੀ ਓਟ ਵਿੱਚ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ।
ਪੁਲਿਸ ਮੁਤਾਬਕ ਉਕਤ ਨੌਜਵਾਨ ਆਪਣੇ ਸੱਜੇ ਹੱਥ ਵਿੱਚ ਫੜੇ ਲਾਈਟਰ ਨਾਲ ਖੱਬੇ ਹੱਥ ਵਿੱਚ ਫੜੀ ਹੋਈ ਸਿਲਵਰ ਫੁਆਇਲ ਦੇ ਹੇਠਾਂ ਅੱਗ ਬਾਲ ਰਿਹਾ ਸੀ। ਉਸ ਨੇ 10 ਰੁਪਏ ਦੇ ਨੋਟ ਨੂੰ ਰੋਲ ਕਰਕੇ ਇੱਕ ਪਾਈਪ ਬਣਾਈ ਹੋਈ ਸੀ ਅਤੇ ਉਹ ਸਿਲਵਰ ਪੰਨੀ ਦੇ ਉੱਪਰੋਂ ਉੱਡ ਰਹੇ ਧੂੰਏਂ ਨੂੰ ਆਪਣੇ ਨੱਕ ਰਾਹੀਂ ਕਥਿਤ ਤੌਰ 'ਤੇ ਅੰਦਰ ਖਿੱਚ ਰਿਹਾ ਸੀ।
ਪੁਲਿਸ ਪਾਰਟੀ ਨੂੰ ਅਚਾਨਕ ਸਾਹਮਣੇ ਦੇਖ ਕੇ ਉਹ ਘਬਰਾ ਗਿਆ ਅਤੇ ਨਸ਼ੇ ਵਾਲੀ ਸਮੱਗਰੀ ਸੁੱਟ ਕੇ ਭੱਜਣ ਲੱਗਾ। ਐਸ.ਆਈ. ਸ਼ਮਸ਼ੇਰ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਦਬੋਚ ਲਿਆ। ਫੜੇ ਗਏ ਨੌਜਵਾਨ ਨੇ ਆਪਣਾ ਨਾਮ ਸ਼ਮੀਰ ਕੁਮਾਰ ਪੁੱਤਰ ਅਨਿਲ ਕੁਮਾਰ, ਵਾਸੀ ਹਰਦੋਖਾਨਪੁਰ ਦੱਸਿਆ। ਪੁਲਿਸ ਨੇ ਕਥਿਤ ਨਸ਼ਾ ਸਮੱਗਰੀ ਜ਼ਬਤ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮੁਕੇਰੀਆਂ ਪੁਲਿਸ ਵੱਲੋਂ ਤਿੰਨ ਨੌਜਵਾਨ ਕਾਬੂ, ਇਲਾਕੇ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਨਸ਼ੇ ਦੀ ਲੱਤ ਲਾਉਣ ਦੇ ਲੱਗੇ ਕਥਿਤ ਦੋਸ਼
ਮੁਕੇਰੀਆਂ ਥਾਣੇ ਦੇ ਏ.ਐਸ.ਆਈ. ਪਵਨ ਕੁਮਾਰ ਪੁਲਿਸ ਪਾਰਟੀ ਸਮੇਤ ਮੁਕੇਰੀਆਂ ਤੋਂ ਭੰਗਾਲਾ ਅਤੇ ਮਾਨਸਰ ਵੱਲ ਗਸ਼ਤ ਲਈ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਮਾਤਾ ਰਾਣੀ ਚੌਕ ਮੁਕੇਰੀਆਂ ਕੋਲ ਮੌਜੂਦ ਸੀ, ਤਾਂ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਕਿ ਇਲਾਕੇ ਦੇ ਤਿੰਨ ਨੌਜਵਾਨ ਖੁਦ ਤਾਂ ਨਸ਼ਾ ਕਰਦੇ ਹੀ ਹਨ, ਸਗੋਂ ਆਲੇ-ਦੁਆਲੇ ਦੇ ਹੋਰ ਭੋਲੇ-ਭਾਲੇ ਨੌਜਵਾਨਾਂ ਨੂੰ ਵੀ ਨਸ਼ੇ ਦੀ ਦਲਦਲ ਵਿੱਚ ਧੱਕ ਰਹੇ ਹਨ।
ਸੂਚਨਾ 'ਤੇ ਕਾਰਵਾਈ ਕਰਦਿਆਂ ਏ.ਐੱਸ.ਆਈ. ਪਵਨ ਕੁਮਾਰ ਨੇ ਪੁਲਿਸ ਫੋਰਸ ਦੀ ਮਦਦ ਨਾਲ ਤਿੰਨਾਂ ਨੌਜਵਾਨਾਂ— ਰਾਹੁਲ ਪੁੱਤਰ ਰਛਪਾਲ ਤੇ ਰੋਹਿਤ ਸਿੰਘ ਪੁੱਤਰ ਕੁਲਵੰਤ ਸਿੰਘ, ਦੋਵੇਂ ਵਾਸੀ ਕਿਸਨਪੁਰ ਮੁਹੱਲਾ, ਮੁਕੇਰੀਆਂ, ਅਤੇ ਕਿਸ਼ੋਰ ਸਿੰਘ ਪੁੱਤਰ ਮਦਨ ਲਾਲ ਵਾਸੀ ਕਰਨਲ ਦੀ ਕੋਠੀ, ਮੁਕੇਰੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਤਿਨਾਂ ਦਾ ਸਿਵਲ ਹਸਪਤਾਲ ਮੁਕੇਰੀਆਂ ਤੋਂ ਡੋਪ ਟੈਸਟ ਕਰਵਾਇਆ ਅਤ ਤਿੰਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਭੱਠੇ ਦੇ ਲਿੰਕ ਰੋਡ 'ਤੇ ਘੁੰਮ ਰਹੇ ਦੋ ਨਸ਼ੇੜੀ ਨੌਜਵਾਨਾਂ ਨੂੰ ਹਸਪਤਾਲ ਲਿਜਾ ਕੇ ਕਰਵਾਇਆ ਡੋਪ ਟੈਸਟ
ਪੁਲਿਸ ਮੁਤਾਬਕ, ਥਾਣਾ ਮੇਹਟੀਆਣਾ ਦੇ ਏ.ਐੱਸ.ਆਈ. ਸਤਨਾਮ ਸਿੰਘ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਮੇਹਟੀਆਣਾ ਤੋਂ ਡਵਿੱਡਾ ਅਹਿਰਾਣਾ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਫੁਗਲਾਣੇ ਅੱਡੇ 'ਤੇ ਪਹੁੰਚੀ, ਤਾਂ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਦੋ ਨੌਜਵਾਨ, ਜੋ ਨਸ਼ੇ ਦੇ ਆਦੀ ਹਨ, ਇਸ ਵੇਲੇ ਨਸ਼ੇ ਦੀ ਹਾਲਤ ਵਿੱਚ ਬਿੱਲੇ ਦੇ ਭੱਠੇ ਕੋਲ ਲਿੰਕ ਰੋਡ ਫੁਗਲਾਣਾ 'ਤੇ ਘੁੰਮ ਰਹੇ ਹਨ।
ਪੁਲਿਸ ਪਾਰਟੀ ਨੇ ਦੱਸੀ ਹੋਈ ਥਾਂ ਤੋ ਅਵਤਾਰ ਸਿੰਘ ਉਰਫ਼ ਤਾਰਾ ਪੁੱਤਰ ਸਰਵਨ ਸਿੰਘ ਵਾਸੀ ਮੋਨਾ ਖੁਰਦ ਅਤੇ ਸੁਖਵੀਰ ਕੁਮਾਰ ਉਰਫ਼ ਮੋਹਿਤ ਪੁੱਤਰ ਮਨੋਜ ਕੁਮਾਰ ਵਾਸੀ ਪੰਡੌਰੀ ਕੱਦ ਨੂੰ ਕਾਬੂ ਕਰਕੇ ਦੋਵਾਂ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦੋਵਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।