ਪੁਲਿਸ ਦਾ ਵੱਡਾ ਐਕਸ਼ਨ: ਹਾਈਟੈਕ 'ਗਲੋਕ ਪਿਸਤੌਲ' ਅਤੇ ਲੱਖਾਂ ਦੀ ਨਕਦੀ ਸਣੇ 2 ਗ੍ਰਿਫ਼ਤਾਰ, ਲਗਜ਼ਰੀ ਕਾਰ ਵੀ ਜ਼ਬਤ
ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਹਰਿਆਣਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਨਾਜਾਇਜ਼ ਅਸਲੇ, ਇੱਕ ਗੱਡੀ ਅਤੇ ਲੱਖਾਂ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
Publish Date: Thu, 11 Jun 2026 01:06 PM (IST)
Updated Date: Thu, 11 Jun 2026 01:09 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਹਰਿਆਣਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਨਾਜਾਇਜ਼ ਅਸਲੇ, ਇੱਕ ਗੱਡੀ ਅਤੇ ਲੱਖਾਂ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਹੀਰਾ ਲਾਲ ਪੁੱਤਰ ਮਹਿੰਦਰਪਾਲ ਵਾਸੀ ਮੁਹੱਲਾ ਬਾਲਮੀਕ, ਹਰਿਆਣਾ ਅਤੇ ਕਰਨਬੀਰ ਸਿੰਘ ਉਰਫ਼ ਧਾਮੀ ਪੁੱਤਰ ਕੁਲਦੀਪ ਸਿੰਘ ਵਾਸੀ ਧਾਮੀਆ ਖੁਰਦ, ਟਾਂਡਾ, ਹਾਲ ਵਾਸੀ ਪਾਸੀ ਫਾਰਮ, ਹਰਿਆਣਾ ਵਜੋਂ ਹੋਈ ਹੈ।
ਮੁਖ਼ਬਰ ਦੀ ਸੂਚਨਾ ਅਤੇ ਨਾਕਾਬੰਦੀ
ਪੁਲਿਸ ਮੁਤਾਬਕ, ਐਸ.ਆਈ. ਨਵਜੋਤ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਮਾਤਾ ਚਿੰਤਪੁਰਨੀ ਰੋਡ 'ਤੇ ਸਥਿਤ ਭੰਗੀ ਪੁੱਲ ਕੋਲ ਮੌਜੂਦ ਸੀ। ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਕਤ ਦੋਵਾਂ ਵਿਅਕਤੀਆਂ ਨੇ ਆਪਸੀ ਸਲਾਹ ਕਰਕੇ ਆਪਣੇ ਕਬਜ਼ੇ ਵਿੱਚ ਬਿਨਾਂ ਲਾਈਸੈਂਸ ਦੇ ਨਾਜਾਇਜ਼ ਅਸਲਾ ਰੱਖਿਆ ਹੋਇਆ ਹੈ। ਮੁਖ਼ਬਰ ਦੀ ਪੱਕੀ ਸੂਚਨਾ ਦੇ ਅਧਾਰ 'ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਬਰਾਮਦਗੀ ਦਾ ਵੇਰਵਾ
ਪੁਲਿਸ ਮੁਤਾਬਕ, ਫੜੇ ਗਏ ਵਿਅਕਤੀਆਂ ਤੋਂ ਕਥਿਤ ਤੌਰ 'ਤੇ 2 ਗਲੋਕ ਪਿਸਟਲ (ਸਮੇਤ ਮੈਗਜ਼ੀਨ), 20 ਜ਼ਿੰਦਾ ਰੌਂਦ (30 ਬੋਰ), 3,50,000 ਰੁਪਏ ਦੀ ਭਾਰਤੀ ਕਰੰਸੀ ਅਤੇ ਇੱਕ ਹੁੰਡਈ ਵੈਨਿਊ ਕਾਰ ਬਰਾਮਦ ਕੀਤੀ ਗਈ।
ਕਾਨੂੰਨੀ ਕਾਰਵਾਈ ਅਤੇ ਅਗਲੇਰੀ ਜਾਂਚ
ਪੁਲਿਸ ਨੇ ਫੜੇ ਗਏ ਦੋਵਾਂ ਆਰੋਪੀਆਂ ਖ਼ਿਲਾਫ਼ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।