ਸਨਸਨੀਖੇਜ਼ ਮਾਮਲਾ: ਮੇਲੇ ’ਚ 18 ਸਾਲਾ ਨੌਜਵਾਨ ’ਤੇ ਕਾਤਲਾਨਾ ਹਮਲੇ, 4-5 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ
ਦਸੂਹਾ ਦੇ ਨੇੜਲੇ ਪਿੰਡ ਵਧਾਈਆਂ ਵਿਖੇ ਚੱਲ ਰਹੇ ਇੱਕ ਮੇਲੇ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ 18 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਸਿਰ ਵਿੱਚ ਦਾਤਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
Publish Date: Mon, 08 Jun 2026 11:41 AM (IST)
Updated Date: Mon, 08 Jun 2026 11:45 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਦਸੂਹਾ ਦੇ ਨੇੜਲੇ ਪਿੰਡ ਵਧਾਈਆਂ ਵਿਖੇ ਚੱਲ ਰਹੇ ਇੱਕ ਮੇਲੇ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ 18 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਸਿਰ ਵਿੱਚ ਦਾਤਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਮੇਲਾ ਦੇਖਣ ਗਏ ਪਿਓ-ਪੁੱਤ ਦੇ ਸਾਹਮਣੇ ਵਾਪਰੀ ਵਾਰਦਾਤ
ਪੁਲਿਸ ਅਨੁਸਾਰ, ਜਸਵੀਰ ਸਿੰਘ ਪੁੱਤਰ ਨਾਜਰ ਮਸੀਹ, ਵਾਸੀ ਪਿੰਡ ਧਨੋਆ ਆਪਣੇ ਪੁੱਤਰ ਸਲੀਮ ਕੁਮਾਰ ਦੇ ਨਾਲ ਲੰਘੀ 2 ਜੂਨ 2026 ਨੂੰ ਪਿੰਡ ਵਧਾਈਆਂ ਵਿਖੇ ਬਾਬਾ ਭੂਰੇ ਸ਼ਾਹ ਦੀ ਜਗ੍ਹਾ 'ਤੇ ਸਾਲਾਨਾ ਮੇਲਾ ਦੇਖਣ ਲਈ ਪਿੰਡ ਵਧਾਈਆਂ ਗਏ ਹੋਏ ਸਨ। ਰਾਤ ਦੇ ਕਰੀਬ 11:30 ਵਜੇ ਜਦੋਂ ਉਹ ਮੇਲੇ ਵਿੱਚ ਮੌਜੂਦ ਸਨ ਤਾਂ 4-5 ਅਣਪਛਾਤੇ ਨੌਜਵਾਨ ਸਲੀਮ ਕੁਮਾਰ ਨਾਲ ਬਹਿਸਬਾਜ਼ੀ ਕਰਨ ਲੱਗ ਪਏ।
ਸਿਰ ’ਚ ਪੁੱਠਾ ਦਾਤਰ ਮਾਰ ਕੇ ਕੀਤਾ ਲਹੂ-ਲੁਹਾਨ
ਪੁਲਿਸ ਮੁਤਾਬਕ ਦੇਖਦੇ ਹੀ ਦੇਖਦੇ ਅਣਪਛਾਤੇ ਹਮਲਾਵਰਾਂ ਨੇ ਸਲੀਮ ਕੁਮਾਰ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਅਣਪਛਾਤੇ ਹਮਲਾਵਰ ਨੇ ਸਲੀਮ ਦੇ ਸਿਰ ਵਿੱਚ ਪੁੱਠਾ ਦਾਤਰ ਮਾਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਮੌਕੇ 'ਤੇ ਚੀਕ-ਚਿਹਾੜਾ ਪੈਣ ਅਤੇ ਭੀੜ ਇਕੱਠੀ ਹੁੰਦੀ ਦੇਖ ਕੇ ਉਕਤ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਸਲੀਮ ਕੁਮਾਰ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਕਾਰਵਾਈ
ਦਸੂਹਾ ਪੁਲਿਸ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੇ ਪਿਤਾ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ, ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਧਾਰਾਵਾਂ ਵੀ ਸ਼ਾਮਲ ਹਨ, ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।