ਨਵੇਂ ਉਸਾਰੀ ਹੋ ਰਹੇ ਘਰ ’ਚ ਔਰਤ ਦੀ ਸ਼ੱਕੀ ਹਾਲਤ ’ਚ ਮੌਤ
ਨਵੇਂ ਉਸਾਰੀ ਹੋ ਰਹੇ ਘਰ ’ਚ ਔਰਤ ਦੀ ਸ਼ੱਕੀ ਹਾਲਤ ’ਚ ਮੌਤ
Publish Date: Sun, 15 Mar 2026 04:13 PM (IST)
Updated Date: Sun, 15 Mar 2026 04:15 PM (IST)

ਧਰਮਿੰਦਰ ਸਿੰਘ ਬਾਠ, ਪੰਜਾਬੀ ਜਾਗਰਣ ਫਤਿਹਗੜ੍ਹ ਚੂੜੀਆਂ : ਫਤਿਹਗੜ੍ਹ ਚੂੜੀਆਂ ਅਜਨਾਲਾ ਰੋਡ ਮੋਹਨ ਭੰਡਾਰੀਆਂ ਅੱਡੇ ’ਤੇ ਇੱਕ ਨਵੇਂ ਬਣ ਰਹੇ ਘਰ ’ਚ ਔਰਤ ਦੀ ਭੇਦ ਭਰੇ ਹਾਲਤ ’ਚ ਮੌਤ ਹੋ ਗਈ ਹੈ। ਨਵੇਂ ਘਰ ਦੀ ਉਸਾਰੀ ਹੋ ਰਹੀ ਸੀ ਅਤੇ ਬਜ਼ੁਰਗ ਔਰਤ ਇਕੱਲੀ ਘਰ ਵਿੱਚ ਮੌਜੂਦ ਸੀ। ਮ੍ਰਿਤਕ ਔਰਤ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨਸਾਰ ਮੋਹਨ ਭੰਡਾਰੀਆਂ ਅੱਡੇ ਦੇ ਨਜ਼ਦੀਕ ਬਿਜਲੀ ਬੋਰਡ ਦੇ ਸੇਵਾ ਮੁਕਤ ਜੇਈ ਸਤਨਾਮ ਸਿੰਘ ਵਲੋਂ ਆਪਣਾ ਨਵਾਂ ਘਰ ਬਣਾਇਆ ਜਾ ਰਿਹਾ ਸੀ ਅਤੇ ਨਵੇਂ ਘਰ ਦੀ ਉਸਾਰੀ ਲਈ ਮਿਸਤਰੀ ਲੱਗੇ ਹੋਏ ਹਨ। ਸਤਨਾਮ ਸਿੰਘ ਜੇਈ ਆਪਣੇ ਰਿਸ਼ਤੇਦਾਰਾਂ ਦੇ ਸ਼ਗਨ ਸਮਾਗਮ ’ਚ ਸ਼ਾਮਿਲ ਹੋਣ ਲਈ ਫਤਿਹਗੜ੍ਹ ਚੂੜੀਆਂ ਗਏ ਹੋਏ ਸਨ। ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਫਤਿਹਗੜ ਚੂੜੀਆਂ ਗਏ ਹੋਏ ਸਨ ਅਤੇ ਪਿਛਲੇ ਮਿਸਤਰੀਆਂ ਦੇ ਕਾਰਨ ਉਸ ਦੀ ਪਤਨੀ ਪਰਮਜੀਤ ਕੌਰ ਘਰ ’ਚ ਇੱਕਲੇ ਸਨ। ਉਹਨਾਂ ਦੱਸਿਆ ਕਿ ਜਦ ਦੁਪਹਿਰ ਵੇਲੇ ਮਿਸਤਰੀ ਰੋਟੀ ਖਾਣ ਲਈ ਘਰੋਂ ਬਾਹਰ ਗਏ ਤਾਂ ਘਰ ’ਚ ਉਸਦੀ ਪਤਨੀ ਕੰਮ ਕਾਰ ਦੇਖ ਰਹੀ ਸੀ। ਉਸ ਨੇ ਦੱਸਿਆ ਕਿ ਜਦ ਮਿਸਤਰੀ ਰੋਟੀ ਖਾ ਕੇ ਵਾਪਸ ਘਰ ਪਰਤੇ ਤਾਂ ਉਸਦੀ ਪਤਨੀ ਮਿ੍ਰਤਕ ਹਾਲਤ ’ਚ ਕਮਰੇ ਅੰਦਰ ਲੰਮੇ ਪਈ ਹੋਈ ਸੀ। ਸਮੇਂ ਦੱਸਿਆ ਕਿ ਉਸਦੀ ਪਤਨੀ ਦੇ ਕੰਨਾਂ ’ਚੋ ਸੋਨੇ ਦੀਆਂ ਵਾਲੀਆਂ ਅਤੇ ਬਾਂਹ ਵਿਚ ਸੋਨੇ ਦੀਆਂ ਚੂੜੀਆਂ ਗਾਇਬ ਸਨ ਅਤੇ ਕੰਨਾਂ’ਚੋ ਖੂਨ ਵੀ ਵੱਗ ਰਿਹਾ ਸੀ। ਇਸ ਸਬੰਧੀ ਪਲੰਬਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਅੱਜ ਕੰਮ ’ਤੇ ਪਹਿਲੇ ਦਿਨ ਆਇਆ ਸੀ, ਜਦ ਉਹ ਦੁਪਹਿਰ ਦੀ ਰੋਟੀ ਖਾ ਕੇ ਵਾਪਸ ਕੰਮ ’ਤੇ ਪਰਤਿਆਂ ਤਾਂ ਬਜ਼ੁਰਗ ਔਰਤ ਘਰ ਦੇ ਅੰਦਰ ਮ੍ਰਿਤਕ ਪਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਅਜਨਾਲਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਅਤੇ ਥਾਣਾ ਝੰਡੇਰ ਦੇ ਐੱਸਐੱਚਓ ਸਤਨਾਮ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।