ਅਣਪਛਾਤਾ ਵਿਅਕਤੀ ਘਰ ’ਤੇ ਗੋਲੀਆਂ ਚਲਾ ਕੇ ਫ਼ਰਾਰ
ਅਣਪਛਾਤਾ ਵਿਅਕਤੀ ਘਰ ’ਤੇ ਗੋਲੀਆਂ ਚਲਾ ਕੇ ਫਰਾਰ
Publish Date: Sat, 07 Feb 2026 06:13 PM (IST)
Updated Date: Sun, 08 Feb 2026 04:06 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਥਾਣਾ ਰੰਗੜ ਨੰਗਲ ਅਧੀਨ ਆਉਂਦੇ ਪਿੰਡ ਸੇਖਵਾਂ ਵਿਖੇ ਲੰਘੀ ਰਾਤ ਇੱਕ ਘਰ ’ਤੇ ਅਣਪਛਾਤਿਆਂ ਨੇ ਗੋਲ਼ੀਆਂ ਚਲਾਈਆਂ ਹਨ। ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਸੁਰਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਸੇਖਵਾਂ ਨੇ ਲਿਖਵਾਇਆ ਹੈ ਕਿ ਉਸਦਾ ਵੱਡਾ ਲੜਕਾ ਜੋ ਕਿ ਵਿਦੇਸ਼ ’ਚ ਰਹਿੰਦਾ ਹੈ ਅਤੇ ਬੀਤੇ ਦਿਨੀ ਉਹ ਇੰਡੀਆ ਆਇਆ ਹੋਇਆ ਹੈ। ਉਸਨੇ ਦੱਸਿਆ ਕਿ ਬੀਤੀ 5 ਫਰਵਰੀ ਦੀ ਰਾਤ ਸਾਢੇ 8 ਵਜੇ ਦੇ ਕਰੀਬ ਉਹ ਆਪਣੇ ਘਰ ਅੰਦਰ ਸੀ ਅਤੇ ਬਾਹਰੋਂ ਮੋਟਰਸਾਈਕਲ ਦੀ ਆਵਾਜ਼ ਆਈ ਅਤੇ ਫਿਰ ਉਸ ਸਮੇਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸੁਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਪਰ ਉਹ ਘਰੋਂ ਬਾਹਰ ਨਹੀਂ ਨਿਕਲੇ ਅਤੇ ਫਿਰ ਦੋ ਫਾਇਰ ਹੋਏ। ਉਕਤ ਦਰਖਾਸਤਕਰਤਾ ਮੁਤਾਬਕ ਅਗਲੇ ਦਿਨ ਸਵੇਰੇ ਉੱਠ ਕੇ ਉਸ ਨੇ ਦੇਖਿਆ ਕਿ ਘਰ ਦੇ ਮੇਨ ਗੇਟ ਵਿਚ ਗੋਲ਼ੀ ਦਾ ਛੇਕ ਹੋਇਆ ਸੀ ਅਤੇ ਗੇਟ ਦੇ ਬਾਹਰ ਇਕ ਖੋਲ ਮਿਲਿਆ, ਜੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਘਰ ’ਤੇ ਫਾਇਰਿੰਗ ਕੀਤੀ ਗਈ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਨਾ ਹੀ ਉਸਨੂੰ ਕੋਈ ਧਮਕੀ ਭਰੀ ਕਾਲ ਆਈ ਹੈ। ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਆਸ ਪਾਸ ਦੇ ਸੀਸੀ ਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।