- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਸਤੌਲ ਦੀ ਨੋਕ ’ਤੇ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਅਣਪਛਾਤੇ ਢਾਈ ਲੱਖ ਲੁੱਟ ਕੇ ਹੋਏ ਫਰਾਰ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਮੋਟਰਸਾਈਕਲ ਤੇ ਆਏ ਅਣਪਛਾਤੇ ਲੁਟੇਰਿਆਂ ਨੇ ਵਡਾਲਾ ਗ੍ਰੰਥੀਆਂ ਵਿਖੇ ਸਥਿਤ ਇਕ ਵੈਸਟਰਨ ਯੂਨੀਅਨ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਢਾਈ ਲੱਖ ਰੁਪਏ ਦੀ ਨਗਦੀ ਲੁੱਟ ਲਈ ਹੈ ਅਤੇ ਨਾਲ ਹੀ ਦੁਕਾਨ ਦੇ ਕਰਿੰਦਿਆਂ ਤੋਂ ਚਾਰ ਮੋਬਾਇਲ ਵੀ ਖੋਹ ਕੇ ਫਰਾਰ ਹੋ ਗਏ ਹਨ। ਲੁੱਟ ਦੇ ਸੰਬੰਧ ’ਚ ਥਾਣਾ ਸੇਖਵਾਂ ਦੇ ਅਧੀਨ ਆਉਂਦੇ ਪੁਲਿਸ ਚੌਂਕੀ ਵਡਾਲਾ ਗ੍ਰੰਥੀਆਂ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਦੇ ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੁਕਾਨ ਮਾਲਕ ਤਰੁਣ ਦੁੱਗਲ ਪੁੱਤਰ ਹਰੀਸ਼ ਦੁੱਗਲ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ, ਹਾਲ ਵਾਸੀ ਵਡਾਲਾ ਗ੍ਰੰਥੀਆਂ ਨੇ ਲਿਖਵਾਇਆ ਹੈ ਕਿ ਉਸਦੀ ਅੱਡਾ ਵਡਾਲਾ ਗ੍ਰੰਥੀਆਂ ਵਿਖੇ ਵਰੁਣ ਟਰੈਵਲ ਨਾਮ ਦੀ ਦੁਕਾਨ ਹੈ, ਜਿਥੇ ਉਹ ਵੈਸਟਰਨ ਯੂਨੀਅਨ, ਮਨੀਗ੍ਰਾਮ ਤੇ ਆਨਲਾਈਨ ਟਿਕਟਾਂ ਬੁੱਕ ਕਰਨ ਦਾ ਕੰਮ ਕਰਦਾ ਹੈ।
ਉਸਨੇ ਦੱਸਿਆ ਦੁਕਾਨ ’ਤੇ ਉਸ ਨੇ ਦੋ ਨੌਜਵਾਨ ਅਰਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਵਡਾਲਾ ਗ੍ਰੰਥੀਆਂ ਅਤੇ ਸਿਮਰਜੀਤ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਨੇੜੇ ਡੇਰਾ ਦਰਸ਼ਨ ਦਾਸ, ਬਟਾਲਾ ਨੂੰ ਕੰਮ ’ਤੇ ਰੱਖਿਆ ਹੋਇਆ ਹੈ। ਉਕਤ ਬਿਆਨਕਰਤਾਰ ਨੇ ਪੁਲਿਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਬੀਤੇ ਕੱਲ੍ਹ 6 ਫਰਵਰੀ ਦੀ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਬਟਾਲਾ ਵਿਖੇ ਗਿਆ ਹੋਇਆ ਸੀ ਅਤੇ ਦੁਕਾਨ ’ਤੇ ਉਕਤ ਦੋਵੇਂ ਕਰਿੰਦੇ ਹਾਜ਼ਰ ਸਨ ਕਿ ਸ਼ਾਮ 4 ਵਜੇ ਦੇ ਕਰੀਬ ਉਸਨੂੰ ਦੁਕਾਨ ਤੋਂ ਅਰਸ਼ਪ੍ਰੀਤ ਸਿੰਘ ਦਾ ਫੋਨ ਆਇਆ ਕਿ ਪੌਣੇ ਚਾਰ ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੁਕਾਨ ’ਤੇ ਆਏ, ਜਿਨ੍ਹਾਂ ਨੇ ਆਪਣੇ ਮੂੰਹ ਬੱਧੇ ਹੋਏ ਸਨ ਅਤੇ ਦੋ ਵਿਅਕਤੀ ਦੁਕਾਨ ਅੰਦਰ ਦਾਖਲ ਹੋਏ, ਜਿੰਨ੍ਹਾਂ ਵਿਚੋਂ ਇਕ ਨੇ ਪਿਸਤੌਲ ਤਾਣ ਦਿੱਤਾ ਤੇ ਡਰਾਵਾ ਦਿੰਦਿਆਂ ਦੁਕਾਨ ਦੇ ਗੱਲੇ ਵਿਚ ਪਈ ਕਰੀਬ ਢਾਈ ਲੱਖ ਦੀ ਨਗਦੀ ਅਤੇ ਸਿਮਰਜੀਤ ਸਿੰਘ ਕੋਲੋਂ ਦੋ ਮੋਬਾਈਲ ਫੋਨ ਅਤੇ ਦੁਕਾਨ ’ਤੇ ਰੱਖੇ ਦੋ ਮੋਬਾਈਲ ਫੋਨ ਵੀ ਲੁੱਟ ਕੇ ਲੈ ਗਏ ਹਨ।
ਉਸਨੇ ਦੱਸਿਆ ਕਿ ਲੁਟੇਰੇ ਲੁੱਟ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਣ ਵਿੱਚ ਕਾਮਯਾਬ ਹੋ ਗਏ ਹਨ। ਚੌਂਕੀ ਇੰਚਾਰਜ ਸੁਖਰਾਜ ਸਿੰਘ ਨੇ ਅੱਗੇ ਦੱਸਿਆ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਬਿਆਨਕਰਤਾ ਦੇ ਬਿਆਨ ’ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਸੇਖਵਾਂ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਲੁੱਟ ਦੀ ਸੂਚਨਾ ਮਿਲਦਿਆਂ ਡੀਐਸਪੀ ਸੰਜੀਵ ਕੁਮਾਰ ਨੇ ਵੀ ਮੌਕੇ ਤੇ ਘਟਨਾ ਦਾ ਜਾਇਜ਼ਾ ਲਿਆ।