ਭਾਰਤ ਬੰਦ ਸੱਦੇ ਦੇ ਤਹਿਤ ਟ੍ਰੇਡ ਯੂਨੀਅਨਾਂ ਨੇ ਕੀਤਾ ਰੋਸ ਪ੍ਰਦਰਸ਼ਨ
ਭਾਰਤ ਬੰਦ ਸੱਦੇ ਦੇ ਤਹਿਤ ਟ੍ਰੇਡ ਯੂਨੀਅਨਾਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Thu, 12 Feb 2026 04:51 PM (IST)
Updated Date: Thu, 12 Feb 2026 04:54 PM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਵੀਰਵਾਰ ਨੂੰ ਦੇਸ਼ ਦੀਆਂ ਮੁੱਖ ਟ੍ਰੇਡ ਯੂਨੀਅਨਾਂ ਦੇ ਸਦੇ ’ਤੇ ਭਾਰਤ ਬੰਦ ਤਹਿਤ ਵੱਖ ਵੱਖ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਯਾਦਗਾਰੀ ਪਾਰਕ ’ਚ ਇਕੱਠੇ ਹੋ ਕੇ ਵਿਸ਼ਾਲ ਰੈਲੀ ਕੀਤੀ। ਉਪਰੰਤ ਸ਼ਹਿਰ ’ਚ ਇੱਕ ਰੋਸ ਮਾਰਚ ਵੀ ਕੀਤਾ। ਟਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗੀਰ ਸਿੰਘ ਕਿਲਾ ਲਾਲ ਸਿੰਘ, ਹਰਜਿੰਦਰ ਪਿੰਟਾ, ਜਰਨੈਲ ਸਿੰਘ, ਰਾਜਗੁਰਵਿਦਰ ਸਿੰਘ ਲਾਡੀ ਅਤੇ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਦੌਰਾਨ ਵੱਖ ਵਖ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਾ। ਖੱਬੇ ਪੱਖੀ ਆਗੂ ਸ਼ਮਸ਼ੇਰ ਸਿੰਘ ਨਵਾਂਪਿੰਡ, ਜਨਕ ਰਾਜ, ਗੁਲਜਾਰ ਸਿੰਘ ਬਸੰਤਕੋਟ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਕਿਰਤ ਕਾਨੂੰਨਾਂ ਨੂੰ ਤੋੜਨ ਭੰਨਣ ਦਾ ਕੰਮ ਕੀਤਾ, ਕਰੀਬ 140 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਮਜ਼ਦੂਰਾਂ ਨੇ ਵਡੀਆ ਕੁਰਬਾਨੀਆ ਕਰਕੇ ਅਤੇ ਫਾਂਸੀਆਂ ’ਤੇ ਲਟਕ ਕੇ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਬਣਾਇਆ ਸੀ, ਜਿਸਨੂੰ ਮੋਦੀ ਸਰਕਾਰ ਨੇ 12 ਘੰਟੇ ਦੇ ਕਾਨੂੰਨ ਵਿੱਚ ਬਦਲ ਦਿੱਤਾ ਹੈ। ਸਾਮਰਾਜ ਕਾਰਪੋਰੇਟ ਪੱਖੀ ਕੰਪਨੀਆਂ ਦੀਆਂ ਹਦਾਇਤਾਂ ਕਾਰਨ ਹੀ ਮਨਰੇਗਾ ਕਾਨੂੰਨ ਵਿਚ ਉਲਟ ਫੇਰ ਕਰ ਦਿੱਤਾ ਗਿਆ ਹੈ। ਭਾਰਤ ਤੇ ਅਮਰੀਕਾ ਟ੍ਰੇਡ ਦੀ ਗੱਲ ਕਰਦਿਆ ਆਗੂਆਂ ਕਿਹਾ ਕਿ ਸਮਝੌਤੇ ਤਹਿਤ ਅਮਰੀਕਾ ਭਾਰਤ ਦੀਆਂ ਵਸਤਾਂ ਉਪਰ 18% ਕਰ ਲਗਾਏਗਾ, ਜਦੋਂ ਕਿ ਅਮਰੀਕਾ ਦੀਆਂ ਭਾਰਤ ਵਿੱਚ ਵਿਕਣ ਵਾਲੀਆਂ ਵਸਤਾਂ ਉੱਪਰ ਭਾਰਤ ਸਰਕਾਰ 0 ਫੀਸਦੀ ਜਾਂ ਬਹੁਤ ਹੀ ਮਾਮੂਲੀ ਕਰ ਲਗਾਏਗੀ। ਸਮਝੌਤੇ ਦਾ ਅਰਥ ਹੈ ਕਿ ਅਮਰੀਕਾ ਦਾ ਖੇਤੀ ਅਤੇ ਖੇਤੀ ਧੰਦਿਆਂ ਨਾਲ ਸਬੰਧਤ ਵਸਤਾ ਅਤੇ ਹੋਰ ਸਮਾਨ ਭਾਰਤ ਦੀ ਮੰਡੀ ਤੇ ਪੂਰਨ ਤੌਰ ’ਤੇ ਕਬਜ਼ਾ ਕਰ ਲਵੇਗਾ ਅਤੇ ਭਾਰਤ ਦੇ ਖੇਤੀ ਧੰਦੇ ਨਾਲ ਜੁੜੇ ਕਿਸਾਨਾਂ ਮਜ਼ਦੂਰ ਬਰਬਾਦ ਹੋ ਜਾਣਗੇ। ਇਸ ਸਮੇਂ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਅਮਰੀਕਾ ਭਾਰਤ ਟ੍ਰੇਡ ਨੂੰ ਰੱਦ ਕਰੇ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਬਹਾਲ ਕਰੇ, 12 ਘੰਟੇ ਦੀ ਦਿਹਾੜੀ ਦਾ ਫਰਮਾਨ ਵਾਪਸ ਲਿਆ ਜਾਵੇ। ਇਸ ਮੌਕੇ ਪੰਜਾਬ ਦੀ ਮਾਨ ਸਰਕਾਰ ’ਤੇ ਕੰਮ ਕਾਜ ਦੀ ਸਖਤ ਵਿਰੋਧਤਾ ਕਰਦੇ ਕਿਹਾ ਗਿਆ ਕਿ ਇਸ ਸਰਕਾਰ ਦੇ ਬੀਤੇ ਚਾਰ ਸਾਲਾਂ ਦੇ ਰਾਜ ਵਿੱਚ ਨਸ਼ਾ ਤਸਕਰਾ ਅਤੇ ਗੈਂਗਸਟਰਾਂ ਪੰਜਾਬ ਦੀ ਧਰਤੀ ਤੇ ਪੂਰੀ ਤਰ੍ਹਾਂ ਆਪਣੀ ਸਰਦਾਰੀ ਕਾਇਮ ਕਰ ਲਈ ਹੈ, ਨਤੀਜੇ ਵਜੋਂ ਪੰਜਾਬ ਦੇ ਲੋਕ ਡਰੇ ’ਤੇ ਅਣਸੁਰੱਖਿਤ ਮਹਿਸੂਸ ਕਰ ਰਹੇ ਹਨ, ਸਰਕਾਰ ਦਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੇ ਕੋਈ ਕੰਟਰੋਲ ਨਹੀਂ ਰਿਹਾ। ਇਸ ਸਮੇਂ ਡਾ. ਅਨੂਪ ਸਿੰਘ, ਗੁਰਮੀਤ ਸਿੰਘ ਢਡਿਆਲਾ, ਗੁਰਪ੍ਰੀਤ ਸਿੰਘ ਰੰਗੀਲਪੁਰ, ਸੋਮ ਸਿੰਘ, ਨਰਿੰਦਰ ਸਿੰਘ ,ਗੁਰਮੇਲ ਸਿੰਘ ਬਲਪੁਰੀਆ, ਬਲਦੇਵ ਸਿੰਘ ਖਹਿਰਾ, ਸੰਤੋਖ ਸਿੰਘ ਔਲਖ, ਰਾਜੂ ਬਟਾਲਾ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।