- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਵਾਂ ਦੇ ਚਮੜੀ ਰੋਗ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਲਿੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨ ਲਗਾਉਣ ਦਾ ਕੰਮ ਜ਼ੋਰਾਂ ’ਤੇ

--ਜ਼ਿਲ੍ਹੇ ਵਿੱਚ 1 ਲੱਖ 57 ਹਜ਼ਾਰ ਗਊਆਂ ਨੂੰ ਐੱਲਐੱਸਡੀ ਵੈਕਸੀਨ ਲਗਾਉਣ ਲਈ 60 ਟੀਮਾਂ ਦਾ ਗਠਿਤ : ਡਿਪਟੀ ਡਾਇਰੈਕਟਰ ਨਾਗਪਾਲ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਪਸ਼ੂ ਪਾਲਣ ਵਿਭਾਗ ਵੱਲੋਂ ਜਿੱਥੇ ਪਿਛਲੇ ਦਿਨਾਂ ਦੌਰਾਨ ਪਸ਼ੂ ਧਨ ਨੂੰ ਮੂੰਹ ਖੁਰ ਅਤੇ ਗਲ ਘੋਟੂ ਦੀ ਵੈਕਸੀਨ ਲਗਾਈ ਗਈ ਸੀ, ਉੱਥੇ ਹੁਣ ਗਾਵਾਂ ਨੂੰ ਲੱਗਣ ਵਾਲੇ ਚਮੜੀ ਰੋਗ, ਜਿਸ ਨੂੰ ਲਿੰਪੀ ਸਕਿਨ ਡਿਜ਼ੀਜ਼ ਵੀ ਕਿਹਾ ਜਾਂਦਾ ਹੈ, ਦੀ ਰੋਕਥਾਮ ਲਈ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਵੇਲੇ ਲਿੰਪੀ ਸਕਿਨ ਡਿਜ਼ੀਜ਼ ਵੈਕਸੀਨ ਗਾਵਾਂ ਨੂੰ ਘਰ-ਘਰ ਜਾ ਕੇ ਮੁਫਤ ਵਿੱਚ ਲਗਾਈ ਜਾ ਰਹੀ ਹੈ। ਇੱਥੇ ਦੱਸਣ ਯੋਗ ਹੈ ਕਿ 2021 ਵਿੱਚ ਲਿੰਪੀ ਸਕਿਨ ਡਿਜ਼ੀਜ਼ ਬਿਮਾਰੀ ਕਾਰਨ ਅਨੇਕਾਂ ਗਊਆਂ ਦੀ ਮੌਤ ਹੋਣ ਕਾਰਨ ਪਸ਼ੂ ਪਾਲਕਾਂ ਦਾ ਵੱਡਾ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਲਗਾਤਾਰ ਪਸ਼ੂ ਪਾਲਣ ਵਿਭਾਗ ਵੱਲੋਂ ਲਿਪੀ ਸਕਿਨ ਡਿਜ਼ੀਜ਼ (ਚਮੜੀ ਦੇ ਰੋਗ) ਦੀ ਰੋਕਥਾਮ ਲਈ ਲਗਾਤਾਰ ਹਰ ਸਾਲ ਗਾਵਾਂ ਨੂੰ ਮੁਫਤ ਵਿੱਚ ਐੱਲਐੱਸਡੀ ਵੈਕਸੀਨ ਲਗਾਈ ਜਾ ਰਹੀ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਗਾਵਾਂ ਨੂੰ ਲਗਾਈ ਜਾ ਰਹੀ ਲਿੰਪੀ ਸਕਿਨ ਡਿਜ਼ੀਜ਼ ਵੈਕਸੀਨ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 2 ਫਰਵਰੀ ਤੋਂ ਗਾਵਾਂ ਦੇ ਛੇ ਮਹੀਨੇ ਦੀ ਉਮਰ ਦੇ ਬੱਚਿਆਂ ਤੋਂ ਇਲਾਵਾ ਵੱਡੀਆਂ ਗਊਆਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਘਰ-ਘਰ ਜਾ ਕੇ ਗਾਵਾਂ ਨੂੰ ਐੱਲਐੱਸਡੀ ਵੈਕਸੀਨ ਮੁਫਤ ਵਿੱਚ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1 ਲੱਖ 57 ਹਜ਼ਾਰ ਗਊਆਂ ਨੂੰ ਲਿੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨ ਲਗਾਉਣ ਲਈ ਪਸ਼ੂ ਪਾਲਣ ਵਿਭਾਗ ਦੀਆਂ 60 ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਇਸ ਮੌਕੇ ਡਿਪਟੀ ਡਾਇਰੈਕਟਰ ਨਾਗਪਾਲ ਨੇ ਦੱਸਿਆ ਕਿ ਇਹ ਵੈਕਸੀਨ ਲਗਾਉਣ ਦਾ ਕੰਮ 28 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਅਪ੍ਰੈਲ ਮਹੀਨੇ ਵਿੱਚ ਗਊਆਂ, ਮੱਝਾਂ, ਬੱਕਰੀਆਂ, ਭੇਡਾਂ ਆਦਿ ਜਾਨਵਰਾਂ ਨੂੰ ਮੂੰਹ ਖੁਰ ਦੀ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਗਾਵਾਂ ਨੂੰ ਲਗਾਈ ਜਾ ਰਹੀ ਐੱਲਐੱਸਡੀ ਦੀ ਵੈਕਸੀਨ ਨੂੰ ਤੁਰੰਤ ਲਗਾਇਆ ਜਾਵੇ ਤਾਂ ਜੋ ਗਾਵਾਂ ਨੂੰ ਮੂੰਹ ਖੁਰ ਦੀ ਵੈਕਸੀਨ ਲਗਾਉਣ ਤੋਂ ਪਹਿਲਾਂ ਰੈਸਟ ਮਿਲ ਸਕੇ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਗਾਵਾਂ ਨੂੰ ਲਿੰਪੀ ਸਕਿਨ ਡਿਜ਼ੀਜ਼ (ਚਮੜੀ ਦੇ ਰੋਗ) ਤੋਂ ਬਚਾਉਣ ਲਈ ਆਪਣੀਆਂ ਗਊਆਂ ਨੂੰ ਵੈਕਸੀਨ ਲਗਾਉਣਾ ਯਕੀਨੀ ਬਣਾਉਣ।