ਚੋਰਾਂ ਨੇ ਇੱਕੋ ਰਾਤ 3 ਮੰਦਰਾਂ ਨੂੰ ਬਣਾਇਆ ਨਿਸ਼ਾਨਾ, ਦੋ ਵਿੱਚ ਚੋਰੀ, ਤੀਜੇ ਵਿੱਚ ਰਹੇ ਅਸਫਲ
ਚੋਰਾਂ ਨੇ ਇੱਕੋ ਰਾਤ 3 ਮੰਦਰਾਂ ਨੂੰ ਬਣਾਇਆ ਨਿਸ਼ਾਨਾ, ਦੋ ਵਿੱਚ ਚੋਰੀ, ਤੀਜੇ ਵਿੱਚ ਰਹੇ ਅਸਫਲ
Publish Date: Sat, 17 Jan 2026 04:22 PM (IST)
Updated Date: Sun, 18 Jan 2026 04:04 AM (IST)

ਜੀਆਰਪੀ - ਚੋਰਾਂ ਵੱਲੋਂ ਸ਼ੀਤਲਾ ਮਾਤਾ ਮੰਦਰ ਦੀ ਤੋੜੀ ਗਈ ਗੋਲਕ। ਜੀਆਰਪੀ – ਸ਼ੀਤਲਾ ਮਾਤਾ ਮੰਦਰ ਦੇ ਪੁਜਾਰੀ ਭਾਵਨ ਜਾਣਕਾਰੀ ਦਿੰਦੇ ਹੋਏ। ਜੀਆਰਪੀ – ਸ਼ਿਵਾਲਾ ਮੰਦਰ ਵਿੱਚ ਚੋਰਾਂ ਵੱਲੋਂ ਤੋੜੀ ਗਈ ਗੋਲਕ। ਜੀਆਰਪੀ - ਸ਼ਿਵਾਲਾ ਮੰਦਰ ਦੇ ਪੁਜਾਰੀ ਰਾਕੇਸ਼ ਕੁਮਾਰ ਜਾਣਕਾਰੀ ਦਿੰਦੇ ਹੋਏ। ਆਕਾਸ਼,ਪੰਜਾਬੀ ਜਾਗਰਣ ਗੁਰਦਾਸਪੁਰ: ਸ਼ਹਿਰ ਵਿੱਚ ਚੋਰੀ ਦੀਆਂ ਘਟਵਾਨਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਚੋਰਾਂ ਨੇ ਦੁਕਾਨਾਂ ਅਤੇ ਘਰਾਂ ਨੂੰ ਛੱਡ ਆਪਣਾ ਰੁਖ ਸ਼ਹਿਰ ਦੇ ਮੰਦਰਾਂ ਵੱਲ ਕਰ ਲਿਆ ਹੈ। ਸ਼ੁੱਕਰਵਾਰ ਰਾਤ ਨੂੰ ਚੋਰਾਂ ਨੇ ਸ਼ਹਿਰ ਦੇ ਦੋ ਵੱਖ-ਵੱਖ ਮੰਦਰਾਂ ਤੋਂ ਨਕਦੀ ਚੋਰੀ ਕਰ ਲਈ। ਹਾਲਾਂਕਿ, ਉਹ ਇੱਕ ਮੰਦਰ ਵਿੱਚ ਚੋਰੀ ਨੂੰ ਅੰਜਾਮ ਦੇਣ ਵਿੱਚ ਅਸਫਲ ਰਹੇ। ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਅਮਾਮਵਾੜਾ ਚੌਕ ਨੇੜੇ ਸ਼ੀਤਲਾ ਮਾਤਾ ਮੰਦਰ ਦੇ ਪੰਡਿਤ ਭਾਵਨ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਆਮ ਵਾਂਗ ਉਸਨੇ ਸ਼ੁੱਕਰਵਾਰ ਰਾਤ ਨੂੰ ਲੱਗਭੱਗ 8 ਵਜੇ ਮੰਦਰ ਨੂੰ ਤਾਲਾ ਲਗਾ ਦਿੱਤਾ ਅਤੇ ਘਰ ਚਲਾ ਗਿਆ। ਜਦੋਂ ਉਹ ਸ਼ਨਿਚਰਵਾਰ ਸਵੇਰੇ ਲੱਗਭੱਗ 7 ਵਜੇ ਮੰਦਰ ਵਾਪਸ ਆਇਆ ਤਾਂ ਉਸਨੇ ਮੁੱਖ ਗੇਟ ਖੁੱਲ੍ਹਾ ਪਾਇਆ। ਮੰਦਰ ਵਿੱਚ ਦਾਖਲ ਹੋਣ ਤੇ ਉਸਨੇ ਦੇਖਿਆ ਕਿ ਮੰਦਰ ਦੇ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਸ ਵਿੱਚ ਰੱਖੀ ਲੱਗਭੱਗ 8300 ਰੁਪਏ ਦੀ ਨਕਦੀ ਗਾਇਬ ਸੀ। ਉਸਨੇ ਦੱਸਿਆ ਕਿ ਨਕਦੀ ਮੰਦਰ ਦੇ ਬਾਹਰ ਟਾਇਲਾਂ ਲਗਵਾਉਣ ਲਈ ਰੱਖੀ ਹੋਈ ਸੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰ ਦੇ ਮੰਦਰ ਵਿੱਚ ਦਾਖਲ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਪੰਡਿਤ ਭਾਵਨ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜਿਆ ਜਾਵੇ। ਇੱਕ ਹੋਰ ਘਟਨਾ ਵਿੱਚ ਆਦਰਸ਼ ਨਗਰ ਦੇ ਸ਼ਿਵਾਲਾ ਮੰਦਰ ਦੇ ਪੁਜਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਜਦੋਂ ਉਹ ਸਵੇਰੇ ਮੰਦਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮੰਦਰ ਦੇ ਅੰਦਰ ਗੋਲਕ ਟੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਬਾਹਰੀ ਗੇਟ ਦਾ ਤਾਲਾ ਤੋੜ ਕੇ ਮੰਦਰ ’ਚ ਦਾਖਲ ਹੋਏ, ਗੋਲਕ ਤੋੜੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਰਾਤ ਨੂੰ ਪੁਲਿਸ ਗਸ਼ਤ ਵਧਾਈ ਜਾਵੇ ਕਿਉਂਕਿ ਚੋਰ ਧੁੰਦ ਦਾ ਫਾਇਦਾ ਉਠਾ ਕੇ ਚੋਰੀਆਂ ਕਰ ਰਹੇ ਹਨ। ---ਮੰਦਰ ਦੇ ਪੁਜਾਰੀ ਦੇ ਜਾਗਣ ਕਾਰਨ ਭੱਜਿਆ ਚੋਰ-- ਗੋਪਾਲ ਨਗਰ ਡਾਕਖਾਨੇ ਵਾਲੀ ਗਲੀ ਸਥਿਤ ਕ੍ਰਿਸ਼ਨਾ ਮੰਦਰ ਦੇ ਪੁਜਾਰੀ ਦਰਸ਼ ਮਹਾਜਨ ਨੇ ਦੱਸਿਆ ਕਿ ਤੜਕੇ 2 ਵਜੇ ਦੇ ਕਰੀਬ ਇੱਕ ਚੋਰ ਗਰਿੱਲ ਅਤੇ ਤਾਲਾ ਤੋੜ ਕੇ ਮੰਦਰ ਵਿੱਚ ਦਾਖਲ ਹੋਇਆ ਪਰ ਉਹ ਜਾਗਿਆ ਅਤੇ ਬਾਹਰ ਆਇਆ। ਚੋਰ ਨੇ ਟੋਪੀ ਪਾਈ ਹੋਈ ਸੀ ਅਤੇ ਆਪਣਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਚੋਰ ਉਸਨੂੰ ਦੇਖ ਕੇ ਭੱਜ ਗਿਆ। ਖੁਸ਼ਕਿਸਮਤੀ ਨਾਲ ਚੋਰ ਕੋਲ ਕੋਈ ਹਥਿਆਰ ਨਹੀਂ ਸੀ ਨਹੀਂ ਤਾਂ ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।