ਪੈਦਲ ਯਾਤਰਾ (ਸੰਗ) ਦਾ ਕਾਦੀਆਂ ਪਹੁੰਚਣ ’ਤੇ ਕੀਤਾ ਜ਼ੋਰਦਾਰ ਸਵਾਗਤ
ਪੈਦਲ ਯਾਤਰਾ (ਸੰਗ) ਦਾ ਕਾਦੀਆਂ ਪਹੁੰਚਣ ’ਤੇ ਕੀਤਾ ਜ਼ੋਰਦਾਰ ਸਵਾਗਤ
Publish Date: Tue, 03 Mar 2026 04:44 PM (IST)
Updated Date: Tue, 03 Mar 2026 04:47 PM (IST)

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਇੱਕ ਮਾਰਚ ਤੋਂ ਖਡਿਆਲਾ ਸੈਣੀਆਂ ਤੋਂ ਬਾਬਾ ਰਣਧੀਰ ਸਿੰਘ ਦੀ ਅਗਵਾਈ ਹੇਠ ਚੱਲੀ ਸੰਗ ਰੂਪੀ ਪੈਦਲ ਯਾਤਰਾ ਦਾ ਇਤਿਹਾਸਕ ਕਸਬਾ ਕਾਦੀਆਂ ਵਿਖੇ ਲੱਖਾਂ ਦੀ ਤਦਾਦ ਵਿੱਚ ਸੰਗਤ ਦੇ ਪਹੁੰਚਣ ’ਤੇ ਧਾਰਮਿਕ, ਸਮਾਜ ਸੇਵੀ, ਰਾਜਨੀਤਿਕ ਪਾਰਟੀਆਂ ਅਤੇ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤ ਵੱਲੋਂ ਅੱਡਾ ਭਾਮੜੀ ਪੁਲ, ਬਸਰਾਵਾਂ, ਢੱਪਈ, ਕਾਹਲਵਾਂ ਮੋੜ, ਨੰਗਲ ਬਾਗਬਾਨਾ, ਕਾਦੀਆਂ ਚੁੰਗੀ, ਅਹਿਮਦੀਆਂ ਮੁਹੱਲਾ, ਅਕਾਲਗੜ੍ਹ, ਬੱਸ ਸਟੈਂਡ ਸਮੇਤ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੈਦਲ ਯਾਤਰਾ ਸੰਗ ਦੀ ਆਮਦ ਨੂੰ ਲੈਕੇ ਸ਼ਹਿਰ ਨੂੰ ਬੈਨਰਾਂ, ਫੁੱਲਾਂ, ਲੜੀਆਂ, ਝੂਲਿਆਂ, ਬੱਚਿਆਂ ਲਈ ਖਿਡੌਣਿਆਂ ਆਦਿ ਨਾਲ ਸਜਾਇਆ ਗਿਆ, ਜੋ ਸੰਗਤ ਲਈ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਜਿਥੇ ਇਲਾਕੇ ਦੀ ਸੰਗਤ ਅਤੇ ਸ਼ਹਿਰ ਵਾਸੀਆਂ ਵੱਲੋਂ ਸੰਗਤ ਲਈ ਆਪਣੀ ਸ਼ਰਧਾ ਭਾਵਨਾ ਨਾਲ ਵੱਖ ਵੱਖ ਰਸਤਾਂ ਦੇ ਖੁੱਲ੍ਹੇ ਲੰਗਰ ਵਰਤਾਏ ਗਏ, ਉਥੇ ਹੀ ਇਲਾਕੇ ਦੇ ਡਾਕਟਰਾਂ ਦੀ ਟੀਮਾਂ ਵੱਲੋਂ ਵੀ ਸੰਗਤ ਲਈ ਫ੍ਰੀ ਮੈਡੀਕਲ ਕੈਂਪ ਲਗਾ ਕੇ ਜਿਥੇ ਲੋੜਵੰਦ ਮਰੀਜ਼ਾਂ ਦੇ ਚੈਕਅੱਪ ਕੀਤੇ ਗਏ, ਉਥੇ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਕਵੀਸ਼ਰੀ ਜਥਾ ਮੋਹਨ ਸਿੰਘ ਕੋਟ ਬੁੱਢਾ ਦੇ ਜਥੇ ਸਮੇਤ ਵੱਖ ਵੱਖ ਥਾਵਾਂ ’ਤੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਕਵੀਸ਼ਰੀ ਰਾਹੀਂ ਸੰਗਤ ਨੂੰ ਨਿਹਾਲ ਕੀਤਾ।