ਈਰਾਨ ਅਮਰੀਕਾ ਦੀ ਲੜਾਈ ਦਾ ਸੇਕ ਭਾਰਤ ਦੇ ਲੋਕਾਂ ਨੂੰ ਲੱਗਾ
ਈਰਾਨ ਅਮਰੀਕਾ ਦੀ ਲੜਾਈ ਦਾ ਸੇਕ ਭਾਰਤ ਦੇ ਲੋਕਾਂ ਨੂੰ ਲੱਗਾ
Publish Date: Sat, 14 Mar 2026 07:15 PM (IST)
Updated Date: Sun, 15 Mar 2026 04:13 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਬੀਤੇ ਦਿਨਾਂ ਤੋਂ ਈਰਾਨ ਅਤੇ ਅਮਰੀਕਾ ਦੀ ਚੱਲ ਰਹੀ ਲੜਾਈ ਦਾ ਸੇਕ ਭਾਰਤ ਦੇ ਲੋਕਾਂ ਨੂੰ ਲੱਗ ਰਿਹਾ ਹੈ। ਲੜਾਈ ਨਾਲ ਭਾਰਤ ਅੰਦਰ ਘਰੇਲੂ ਗੈਸ ਅਤੇ ਡੀਜ਼ਲ-ਪੈਟਰੋਲ 'ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਜਿਥੇ ਪਹਿਲਾਂ ਗੈਸ ਸਿਲੰਡਰ ਲੋਕਾਂ ਨੂੰ 21 ਦਿਨ ਬਾਅਦ ਅਸਾਨੀ ਨਾਲ ਮਿਲ ਜਾਂਦਾ ਸੀ ਅਤੇ ਹੁਣ 45 ਦਿਨ ਤੋਂ ਬਾਅਦ ਗੈਸ ਸਿਲੰਡਰ ਬੁੱਕ ਕੀਤੇ ਜਾ ਰਹੇ ਹਨ, ਜਿਸ ਨਾਲ ਲੋਕਾਂ ਅੰਦਰ ਹਾਹਾਕਾਰ ਮੱਚ ਗਈ ਹੈ ਅਤੇ ਗੈਸ ਏਜੰਸੀਆਂ ਦੇ ਬਾਹਰ ਲੋਕ ਵਲੋਂ ਲੰਮੀਆਂ ਲਾਈਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਦੋਂਕਿ ਕੁਝ ਗੈਸ ਏਜੰਸੀਆਂ ਵਲੋਂ ਏਜੰਸੀਆਂ ਦੇ ਬਾਹਰ ਨੋਟਿਸ ਲਗਾ ਦਿੱਤੇ ਹਨ ਕਿ ਗੈਸ ਖਤਮ ਹੈ, ਜਿਸ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਬਟਾਲਾ ਅੰਦਰ ਵੀ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਬਟਾਲਾ ਦੇ ਗੁਰਦਾਸਪੁਰ ਰੋਡ ਸਥਿਤ ਇੱਕ ਗੈਸ ਏਜੰਸੀ ਦੇ ਬਾਹਰ ਗੈਸ ਦੀ ਸਪਲਾਈ ਨਾ ਮਿਲਣ ਤੋਂ ਦੁਖੀ ਲੋਕਾਂ ਨੇ ਅੱਧਾ ਘੰਟਾ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ’ਤੇ ਬੈਠੇ ਲੋਕਾਂ ਨੇ ਗੈਸ ਏਜੰਸੀਆਂ ਤੇ ਮਨਮਾਨੀ ਕਰਨ ਦੇ ਦੋਸ਼ ਲਗਾਏ। ਜਗਜੀਤ ਸਿੰਘ, ਸੁਖਵਿੰਦਰ ਸਿੰਘ ਭੰਗੂ, ਅਸ਼ੋਕ ਕੁਮਾਰ, ਬੀਬੀ ਸਮਿਤਰੀ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੇ ਉਹਨਾਂ ਨੇ ਗੈਸ ਸਲੰਡਰ ਬੁੱਕ ਕਰਾਏ ਹੋਏ ਹਨ, ਪਰ ਹਰ ਰੋਜ਼ ਉਹਨਾਂ ਨੂੰ ਗੈਸ ਨਾ ਹੋਣ ਕਾਰਨ ਵਾਪਸ ਮੁੜਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹ ਹਰ ਰੋਜ਼ ਆਪਣਾ ਕੰਮ ਕਾਰ ਛੱਡ ਕੇ ਲਾਈਨਾਂ ’ਚ ਸਾਰਾ ਦਿਨ ਲੱਗੇ ਰਹਿੰਦੇ ਹਨ, ਪਰ ਬਾਅਦ ਗੈਸ ਏਜੰਸੀਆਂ ਵਾਲੇ ਸ਼ਟਰ ਬੰਦ ਕਰਕੇ ਚਲੇ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਮਾਯੂਸ ਹੋ ਕੇ ਵਾਪਸ ਘਰਾਂ ਨੂੰ ਮੁੜਨਾ ਪੈਂਦਾ। ਉਧਰ ਪੁਲਿਸ ਪ੍ਰਸ਼ਾਸਨ ਨੇ ਆਣ ਕੇ ਲੋਕਾਂ ਨੂੰ ਭਰੋਸਾ ਦਿੱਤਾ, ਜਿਸ ਉਪਰੰਤ ਲੋਕਾਂ ਨੇ ਧਰਨਾ ਖਤਮ ਕੀਤਾ।
ਰੁਟੀਨ ਨਾਲੋਂ ਵੱਧ ਹੋ ਰਹੀ ਹੈ ਬੁਕਿੰਗ : ਗੈਸ ਏਜੰਸੀ ਵਾਲੇ
ਉਧਰ ਗੁਰਦਾਸਪੁਰ ਰੋਡ ’ਤੇ ਸਥਿਤ ਗੈਸ ਏਜੰਸੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਗੈਸ ਦੀ ਕਮੀ ਨਹੀਂ ਹੈ, ਬਲਕਿ ਲੋਕਾਂ ਵੱਲੋਂ ਆਪ ਹੀ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ 300 ਦੇ ਕਰੀਬ ਗੈਸ ਸਿਲੰਡਰ ਵੰਡੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਆਮ ਦਿਨਾਂ ’ਚ ਚਾਰ ਤੋਂ 500 ਲੋਕਾਂ ਵੱਲੋਂ ਗੈਸ ਬੁੱਕ ਕਰਾਈ ਜਾਂਦੀ ਸੀ, ਪਰ ਇਰਾਨ ’ਚ ਲੜਾਈ ਲੱਗਣ ਕਾਰਨ ਗੈਸ ਦੀ ਬੁਕਿੰਗ ਰੋਜ਼ਾਨਾ 1200 ਲੋਕਾਂ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਨਾਲ ਅਜਿਹੇ ਹਾਲਾਤ ਬਣ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ, ਬਲਕਿ ਹਾਲਾਤ ਅਨੁਸਾਰ ਤਾਲਮੇਲ ਬਣਾਉਣ ਦੀ ਲੋੜ ਹੈ।