ਮਹਿਲਾ ਦਿਵਸ ਦਾ ਉਦੇਸ਼ ਔਰਤਾਂ ਨੂੰ ਹੱਕਾਂ, ਸਮਾਨਤਾ ਤੇ ਸੁਤੰਤਰਤਾ ਪ੍ਰਤੀ ਜਾਗਰੂਕ ਕਰਨਾ
ਮਹਿਲਾ ਦਿਵਸ ਦਾ ਉਦੇਸ਼ ਔਰਤਾਂ ਨੂੰ ਅਧਿਕਾਰਾਂ, ਸਮਾਨਤਾ ਤੇ ਸੁਤੰਤਰਤਾ ਪ੍ਰਤੀ ਜਾਗਰੂਕ ਕਰਨਾ
Publish Date: Sat, 07 Mar 2026 03:51 PM (IST)
Updated Date: Sun, 08 Mar 2026 04:00 AM (IST)

ਜੀਆਰਪੀ- ਸੂਬਾ ਪ੍ਰਧਾਨ ਬਲਜਿੰਦਰ ਕੌਰ ਛੀਨਾ, ਜਰਨਲ ਸਕੱਤਰ ਹਰਪ੍ਰੀਤ ਕੌਰ ਸਿੰਘਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਕੌਰ, ਕਵਲਜੀਤ ਕੌਰ ਚਾਹਲ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਆਂਗਣਵਾੜੀ ਵਰਕਰ। ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ : 8 ਮਾਰਚ ਨੂੰ ਵਿਸ਼ਵ ਭਰ ਵਿੱਚ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਅੱਜ ਸਰਬ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ ਛੀਨਾ ਅਤੇ ਜਨਰਲ ਸਕੱਤਰ ਹਰਪ੍ਰੀਤ ਕੌਰ ਸਿੰਘਪੁਰਾ ਨੇ ਕਿਹਾ ਕਿ ਮਹਿਲਾ ਦਿਵਸ ਸਿਰਫ਼ ਇੱਕ ਦਿਨ ਵਧਾਈਆਂ ਦੇਣ ਦਾ ਦਿਨ ਨਹੀਂ, ਸਗੋਂ ਇਹ ਔਰਤਾਂ ਦੇ ਲੰਬੇ ਸੰਘਰਸ਼, ਉਪਲਬਧੀਆਂ ਅਤੇ ਸਮਾਜ ਦੀ ਸਿਰਜਣਾ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕਰਨ ਦਾ ਦਿਨ ਹੈ। ਆਗੂਆਂ ਨੇ ਕਿਹਾ ਕਿ ਅੱਜ ਔਰਤ ਨੇ ਸਿੱਖਿਆ, ਵਿਗਿਆਨ, ਖੇਡਾਂ, ਰਾਜਨੀਤੀ ਅਤੇ ਵਪਾਰ ਵਰਗੇ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਕੁੜੀਆਂ ਪਿੰਡਾਂ ਦੀਆਂ ਸੱਥਾਂ ਵਿੱਚੋਂ ਲੰਘਣ ਤੋਂ ਵੀ ਗੁਰੇਜ਼ ਕਰਦੀਆਂ ਸਨ, ਪਰ ਅੱਜ ਸਮੇਂ ਦੀ ਤਬਦੀਲੀ ਅਤੇ ਆਤਮ-ਨਿਰਭਰਤਾ ਸਦਕਾ ਔਰਤਾਂ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਸਫਲਤਾ ਦੇ ਝੰਡੇ ਗੱਡ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਔਰਤ ਜਾਤ ਨੂੰ ਲੰਬੀ ਘਾਲਣਾ ਘਾਲਣੀ ਪਈ ਹੈ। ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਕੌਰ ਅਤੇ ਬਲਾਕ ਪ੍ਰਧਾਨ ਕਵਲਜੀਤ ਕੌਰ ਚਾਹਲ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਔਰਤ ਨੂੰ ਵਡਿਆਈ ਦਿੰਦਿਆਂ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਦਾ ਸਿਧਾਂਤ ਦਿੱਤਾ ਸੀ। ਇਹ ਸਿਧਾਂਤ ਸਮਾਜ ਵਿੱਚ ਔਰਤਾਂ ਨੂੰ ਉੱਚਾ ਸਥਾਨ ਅਤੇ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਦਾ ਮਾਰਗ ਦਰਸ਼ਕ ਹੈ। ਉਨ੍ਹਾਂ ਅੰਤ ’ਚ ਕਿਹਾ ਕਿ ਮਹਿਲਾ ਦਿਵਸ ਦਾ ਅਸਲ ਉਦੇਸ਼ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ, ਸਮਾਨਤਾ ਤੇ ਸੁਤੰਤਰਤਾ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਸਮਾਜਿਕ ਬਰਾਬਰੀ ਦੇ ਸੰਕਲਪ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਸਕੇ।