ਗਰਮੀ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ, ਪਾਰਾ 40 ਦੇ ਨੇੜੇ ਪਹੁੰਚਿਆ
ਭਿਆਨਕ ਗਰਮੀ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ, ਪਾਰਾ 40 ਦੇ ਨੇੜੇ ਪਹੁੰਚਿਆ
Publish Date: Sat, 06 Jun 2026 03:30 PM (IST)
Updated Date: Sun, 07 Jun 2026 04:02 AM (IST)

ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧਦਾ ਤਾਪਮਾਨ ਜਨਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੂਰਜ ਚੜ੍ਹਦੇ ਹੀ ਝੁਲਸਾਉਣ ਵਾਲੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਚੜ੍ਹਨ ਨਾਲ ਇਹ ਹੋਰ ਬੇਕਾਬੂ ਹੋ ਜਾਂਦੀ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38 ਸੀ ਜਦਕਿ ਸ਼ਨਿਚਰਵਾਰ ਨੂੰ ਦੋ ਡਿਗਰੀ ਪਾਰਾ ਵਧਣ ਕਰਕੇ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਜਿਸ ਨਾਲ ਆਮ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਵੇਰੇ ਦਸ ਵੱਜਦੇ-ਵੱਜਦੇ ਸੜਕਾਂ ਸੁੰਨੀਆਂ ਹੋਣ ਲੱਗਦੀਆਂ ਹਨ। ਲੋਕ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ ਲੂ ਚੱਲਣ ਅਤੇ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਆਸ਼ੰਕਾ ਹੈ। ਇਸ ਭਿਆਨਕ ਗਰਮੀ ਤੋਂ ਬਚਣ ਲਈ ਲੋਕਾਂ ਨੇ ਠੰਡੇ ਇਲਾਕਿਆਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨਾਲੀ, ਸ਼ਿਮਲਾ, ਧਰਮਸ਼ਾਲਾ, ਡਲਹੌਜ਼ੀ ਵਰਗੇ ਸੈਰ-ਸਪਾਟਾ ਸਥਾਨਾਂ ’ਤੇ ਲੋਕਾਂ ਦੀ ਆਵਾਜਾਈ ਵਧਦੀ ਜਾ ਰਹੀ ਹੈ। ਘੁੰਮਣ-ਫਿਰਨ ਦੇ ਨਾਲ-ਨਾਲ ਬਹੁਤ ਸਾਰੇ ਲੋਕ ਕੁਝ ਦਿਨਾਂ ਲਈ ਰਾਹਤ ਦੀ ਭਾਲ ਵਿੱਚ ਇਨ੍ਹਾਂ ਥਾਵਾਂ ਤੇ ਸ਼ਿਫਟ ਹੋ ਰਹੇ ਹਨ। ਡਾਕਟਰਾਂ ਨੇ ਵੀ ਲੋਕਾਂ ਨੂੰ ਵਿਸ਼ੇਸ਼ ਸਲਾਹ ਜਾਰੀ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਜੇਕਰ ਅਤਿ ਜ਼ਰੂਰੀ ਹੋਵੇ ਤਾਂ ਹੀ ਇਸ ਸਮੇਂ ਵਿੱਚ ਬਾਹਰ ਜਾਣ ਉਹ ਵੀ ਸਿਰ ਉੱਤੇ ਕੱਪੜਾ, ਛੱਤਰੀ ਜਾਂ ਟੋਪੀ ਜ਼ਰੂਰ ਲੈ ਕੇ ਜਾਣ। ਉਨ੍ਹਾਂ ਨੇ ਭਰਪੂਰ ਮਾਤਰਾ ਵਿੱਚ ਪਾਣੀ ਪੀਣ, ਲੱਸੀ, ਨਿੰਬੂ ਪਾਣੀ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਪੂਰੀ ਬਾਂਹ ਦੇ ਕੱਪੜੇ ਪਾਉਣ, ਚਸ਼ਮੇ ਦੀ ਵਰਤੋਂ ਕਰਨ ਅਤੇ ਸਨਸਕ੍ਰੀਨ ਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਗਰਮੀ ਦੇ ਕਾਰਨ ਬਜ਼ਾਰਾਂ ਵਿੱਚ ਵੀ ਸੰਨਾਟਾ ਪਸਰਿਆ ਹੋਇਆ ਹੈ। ਦੁਕਾਨਦਾਰ ਗਾਹਕਾਂ ਦੀ ਘਾਟ ਕਾਰਨ ਪਰੇਸ਼ਾਨ ਹਨ। ਉੱਥੇ ਹੀ ਪਸ਼ੂ ਪਾਲਕਾਂ ਨੂੰ ਵੀ ਆਪਣੇ ਪਸ਼ੂਆਂ ਲਈ ਪਾਣੀ ਅਤੇ ਛਾਂ ਦਾ ਉਚਿਤ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਫਿਲਹਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਗਰਮੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਅਜਿਹੇ ਵਿੱਚ ਸਾਵਧਾਨੀ ਹੀ ਬਚਾਅ ਦਾ ਸਭ ਤੋਂ ਕਾਰਗਰ ਉਪਾਅ ਹੈ।